ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੁਲਾਈ
ਸ਼ਿਵ ਸੈਨਾ ਵਰਕਰਾਂ ਨੇ ਹਿੰਦੂ ਜਥੇਬੰਦੀਆਂ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਕੇ ਸ਼ਿਵ ਸੈਨਾ ਆਗੂ ਸੰਜੀਵ ਥਾਪਰ ਤੇ ਇੱਕ ਸਾਲ ਪਹਿਲਾਂ ਅੱਜ ਦੇ ਦਿਨ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਵੱਖ ਵੱਖ ਆਗੂਆਂ ਨੀਰਜ ਵਰਮਾ ਅਤੇ ਰਾਜੀਵ ਟੰਡਨ ਦੀ ਅਗਵਾਈ ਹੇਠ ਵਰਕਰ ਸਿਵਲ ਹਸਪਤਾਲ ਨੇੜੇ ਇਕੱਠੇ ਹੋਏ ਜਿੱਥੋਂ ਉਹ ਮਾਰਚ ਕਰਦੇ ਹੋਏ ਘਟਨਾ ਵਾਲੀ ਥਾਂ ਨੇੜੇ ਨਾਮਧਾਰੀ ਯਾਦਗਾਰ ਪੁੱਜੇ ਜਿੱਥੇ ਉਨ੍ਹਾਂ ਧਰਨਾਂ ਦੇ ਕੇ ਰੈਸ ਰੈਲੀ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਹੱਥਾਂ ਵਿੱਚ ਨਾਅਰੇ ਲਿਖੇ ਪੋਸਟਰ ਵੀ ਚੁੱਕੇ ਹੋਏ ਸਨ।
ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਹਿੰਦੂ ਸਮਾਜ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਤਿੰਨ ਹਮਲਾਵਰਾਂ ਨੂੰ ਕ਼ਾਬੂ ਕੀਤਾ ਗਿਆ ਸੀ ਜਦਕਿ ਦੋ ਜਣੇ ਹਾਲੇ ਵੀ ਪੁਲੀਸ ਦੀ ਪਕੜ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਜਾਣ ਬੁੱਝਕੇ ਢਿੱਲ ਮੱਠ ਵਰਤੀ ਜਾ ਰਹੀ ਹੈ ਜਦਕਿ ਸੰਜੀਵ ਥਾਪਰ ਦੀ ਜਾਨ ਨੂੰ ਹੁਣ ਵੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲੀਸ ਵੱਲੋਂ ਹਮਲਾਵਰਾਂ ਨੂੰ ਨਾਂ ਪਕੜਿਆ ਗਿਆ ਤਾਂ ਉਹ ਇਨਸਾਫ਼ ਪ੍ਰਾਪਤੀ ਲਈ ਇਕਜੁੱਟ ਹੋ ਕੇ ਜ਼ੋਰਦਾਰ ਸੰਘਰਸ਼ ਕਰਨਗੇ।