ਹਲਕਾ ਆਤਮ ਨਗਰ ਦੇ ਵਾਰਡ ਨੰਬਰ 52 ਵਿੱਚ ਸੜਕਾਂ ਅਤੇ ਸੀਵਰੇਜ ਦੀ ਮੰਦੀ ਹਾਲਤ ਖ਼ਿਲਾਫ਼ ਅੱਜ ਇਲਾਕਾ ਵਾਸੀਆਂ ਨੇ ਰੋਸ ਮੁਜ਼ਾਹਰਾ ਕਰ ਕੇ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਜਾ ਰਹੇ ਵਿਕਾਸ ਅਤੇ ਸੜਕਾਂ ਬਨਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਨਿਖੇਧੀ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਾਰਡ ਇੰਚਾਰਜ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਸਿਰਫ਼ ਗੁੰਮਰਾਹ ਕਰਨ ਵਾਲਾ ਪ੍ਰਚਾਰ ਹੈ, ਜੋ ਵੱਡੇ-ਵੱਡੇ ਫਲੈਕਸਾਂ ਅਤੇ ਇਸ਼ਤਿਹਾਰੀ ਬੋਰਡ ’ਤੇ ਹੀ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਾਰਡ ਨੰਬਰ 52 ਵਿੱਚ ਟੁੱਟੀਆਂ ਹੋਈਆਂ ਟੋਇਆਂ ਵਾਲੀਆਂ ਸੜਕਾਂ ਅਤੇ ਵਿਸ਼ੇਸ਼ ਕਰ ਕੇ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਲੋਕ ਦੁਖੀ ਹਨ।
ਉਨ੍ਹਾਂ ਕਿਹਾ ਕਿ ਸੀਵਰੇਜ ਜਾਮ ਹੋਣ ਕਾਰਨ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹਾ ਹੋਣ ਕਾਰਨ ਮੱਛਰ-ਮੱਖੀਆਂ ਦੀ ਭਰਮਾਰ ਹੋਣ ’ਤੇ ਡੇਂਗੂ ਬੁਖਾਰ ਅਤੇ ਹੋਰ ਭਿਆਨਕ ਬਿਮਾਰੀਆਂ ਫ਼ੈਲਣ ਦੇ ਖਦਸ਼ਾ ਪੈਦਾ ਹੋ ਗਿਆ ਹੈ।
ਗੁਰਮੀਤ ਸਿੰਘ ਸਿੱਧੂ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਸੀਵਰੇਜ ਜਾਮ ਦੀ ਸਮੱਸਿਆ ਦਾ ਜਲਦੀ ਕੋਈ ਹੱਲ ਨਾ ਹੋਇਆ ਤਾਂ ਇਲਾਕਾ ਨਿਵਾਸੀਆਂ ਵੱਲੋਂ ਰੋਸ ਮੁਜ਼ਾਹਰੇ ਅਤੇ ਧਰਨੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ ਉਹ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਿੱਚ ਕਾਂਗਰਸ ਅਤੇ ‘ਆਪ’ ਦਾ ਪੂਰਨ ਤੌਰ ’ਤੇ ਬਾਈਕਾਟ ਕਰਨਗੇ।

