Satluj Movie Removal: ਓ ਟੀ ਟੀ ਪਲੈਟਫਾਰਮ ਤੋਂ ਫਿਲਮ ਹਟਾਉਣ ਖ਼ਿਲਾਫ਼ ਪ੍ਰਦਰਸ਼ਨ
‘ਸਤਲੁਜ’ ਫਿਲਮ ਦੀ ਬਹਾਲੀ ਲੲੀ ਮੋਮਬੱਤੀ ਜਗਾੲੀਆਂ
ਓ ਟੀ ਟੀ ਪਲੇਟਫਾਰਮ ਤੋਂ ਪੰਜਾਬ ਦੇ ਇਤਿਹਾਸਕ ਦੌਰ ’ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਅਚਾਨਕ ਹਟਾਏ ਜਾਣ ਦੇ ਵਿਰੋਧ ਵਿੱਚ ਬੀਤੀ ਸ਼ਾਮ ਸਰਾਭਾ ਨਗਰ ਸਥਿਤ ਕਿਪਸ ਮਾਰਕੀਟ ਵਿੱਚ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ‘ਇਨੀਸ਼ੀਏਟਰਜ਼ ਆਫ ਚੇਂਜ’ ਸੰਸਥਾ ਦੇ ਚੇਅਰਮੈਨ ਗੌਰਵਦੀਪ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਵੱਖ-ਵੱਖ ਸਕੂਲਾਂ ਦੇ ਨੁਮਾਇੰਦਿਆਂ, ਨੌਜਵਾਨ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।
ਪ੍ਰਦਰਸ਼ਨਕਾਰੀਆਂ ਨੇ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਕਲਾਤਮਕ ਸੁਤੰਤਰਤਾ ਅਤੇ ਇਤਿਹਾਸਕ ਘਟਨਾਵਾਂ ਨੂੰ ਸੱਚਾਈ ਨਾਲ ਪੇਸ਼ ਕਰਨ ਦੇ ਸੰਵਿਧਾਨਕ ਹੱਕਾਂ ਦੇ ਸਮਰਥਨ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ‘ਜ਼ੀ-5’ ਓ ਟੀ ਟੀ ਪਲੈਟਫਾਰਮ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਫ਼ਿਲਮ ‘ਸਤਲੁਜ’ ਨੂੰ ਬਿਨਾਂ ਕਿਸੇ ਦੇਰੀ ਦੇ ਮੁੜ ਜਾਰੀ ਕੀਤਾ ਜਾਵੇ, ਤਾਂ ਜੋ ਆਮ ਲੋਕ ਖ਼ੁਦ ਇਸ ਨੂੰ ਦੇਖ ਕੇ ਆਪਣੀ ਆਜ਼ਾਦ ਰਾਇ ਬਣਾ ਸਕਣ। ਰੋਸ ਪ੍ਰਦਰਸ਼ਨ ਦੌਰਾਨ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀਆਂ ਸਿੱਖਿਆਵਾਂ ਅਤੇ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਮੋਮਬੱਤੀਆਂ ਜਗਾਈਆਂ ਗਈਆਂ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਸੱਚੇ ਇਤਿਹਾਸ ਤੋਂ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਗੌਰਵਦੀਪ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਆਪਣੇ ਇਤਿਹਾਸ ਅਤੇ ਆਪਣੇ ਨਾਇਕਾਂ ਦੀਆਂ ਕਹਾਣੀਆਂ ਖੁਦ ਲਿਖਣੀਆਂ ਪੈਣਗੀਆਂ ਤਾਂ ਜੋ ਪੰਜਾਬ ਦੇ ਅਸਲ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਂਦਾ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪ੍ਰਦਰਸ਼ਨ ਕਿਸੇ ਰਾਜਨੀਤਿਕ ਮਕਸਦ ਨਾਲ ਨਹੀਂ, ਸਗੋਂ ਸੰਵਿਧਾਨਕ ਕਦਰਾਂ-ਕੀਮਤਾਂ, ਲੋਕਤੰਤਰੀ ਹੱਕਾਂ ਅਤੇ ਕਲਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਦੀ ਹੱਕੀ ਆਜ਼ਾਦੀ ਦੇ ਸਮਰਥਨ ਲਈ ਕੀਤਾ ਗਿਆ ਹੈ।
