Protest Against Police Crackdown in Delhi: ਨੌਜਵਾਨਾਂ ’ਤੇ ਢਾਹੇ ਜਬਰ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ
ਝੰਡਿਆਂ ਅਤੇ ਬੈਨਰਾਂ ਨਾਲ ਰੋਸ ਮਾਰਚ ਕੀਤਾ
ਇੱਥੇ ਕਮੇਟੀ ਪਾਰਕ ਵਿੱਚ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਭਰਵਾਂ ਇਕੱਠ ਹੋਇਆ ਜਿਸ ਵਿੱਚ ਦਿੱਲੀ ’ਚ ਨੌਜਵਾਨੀ ’ਤੇ ਢਾਹੇ ਜਬਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਸੜਕਾਂ ’ਤੇ ਉਤਰੇ ਲੋਕਾਂ ਨੇ ਕਮੇਟੀ ਪਾਰਕ ਤੋਂ ਲੈ ਕੇ ਝਾਂਸੀ ਰਾਣੀ ਚੌਕ ਤੱਕ ਝੰਡਿਆਂ ਤੇ ਬੈਨਰਾਂ ਨਾਲ ਰੋਸ ਮਾਰਚ ਕੀਤਾ ਜਿਸ ਉਪਰੰਤ ਝਾਂਸੀ ਰਾਣੀ ਚੌਕ ਵਿੱਚ ਕਾਫੀ ਦੇਰ ਤੱਕ ਰੋਸ ਪ੍ਰਗਟਾਇਆ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ-ਸ਼ਾਹ ਦੀ ਫਾਸ਼ੀਵਾਦੀ ਹਕੂਮਤ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਵੀ ਮਾਤ ਪਾ ਦਿੱਤਾ ਹੈ। ਲੋਕ ਅੰਦੋਲਨ ਦੌਰਾਨ ਜਨਤਾ ਰੇਲਾਂ ਜਾਮ ਕਰਦੀ ਸੀ ਪਰ ਅਜੀਬ ਵਰਤਾਰਾ ਹੈ ਕਿ ਸਰਕਾਰ ਅੰਦੋਲਨ ਫੇਲ੍ਹ ਕਰਨ ਲਈ ਰੇਲਾਂ ਦਾ ਚੱਕਾ ਜਾਮ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਚੋਣ ਕਮਿਸ਼ਨ ਵੱਲੋਂ ਦੇਸ਼ ਵਿੱਚ ਤੇਰਾਂ ਕਰੋੜ ਲੋਕਾਂ ਦੀਆਂ ਵੋਟਾਂ ਭਾਜਪਾ ਸਰਕਾਰ ਦੇ ਕਹਿਣ ’ਤੇ ਕੱਟ ਕੇ ਹਕੂਮਤ ਨੇ ਜੋ ਜਮਹੂਰੀਅਤ ਦਾ ਕਤਲ ਕੀਤਾ ਹੈ, ਉਸ ਵੋਟ ਚੋਰੀ ਖ਼ਿਲਾਫ਼ ਉੱਠਿਆ ਵਿਦਰੋਹ ਸਰਕਾਰ ਦੇ ਨੱਕ ਵਿੱਚ ਦਮ ਲਿਆਉਣ ਦੀ ਹਿੰਮਤ ਰੱਖਦਾ ਹੈ। ਮੋਦੀ ਸਰਕਾਰ ਨੇ ਪੂਰੀ ਦਿੱਲੀ ਨੂੰ ਪੁਲੀਸ ਛਾਉਣੀ ਵਿੱਚ ਬਦਲ ਕੇ, ਜੰਤਰ ਮੰਤਰ ਦੀ ਹਰ ਸੜਕ ’ਤੇ ਬੈਰੀਕੇਡਿੰਗ ਕਰ ਕੇ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਰੇਲਾਂ, ਮੈਟਰੋ, ਇੰਟਰਨੈੱਟ ਸੇਵਾ ਬੰਦ ਕਰ ਕੇ, ਪੱਤਰਕਾਰਾਂ ਤੱਕ ਨੂੰ ਗ੍ਰਿਫ਼ਤਾਰ ਕਰਕੇ, ਨੌਜਵਾਨ ਬੱਚੀਆਂ ਨੂੰ ਧੂਹ-ਘੜੀਸ ਕੇ ਜਮਹੂਰੀਅਤ ਨਾਮ ਦੀ ਚੀਜ਼ ਦਾ ਜ਼ਨਾਜਾ ਕੱਢਿਆ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਨੇ ਸਾਬਤ ਕਰ ਦਿੱਤਾ ਕਿ ਚੋਣ ਕਮਿਸ਼ਨ ਮੋਦੀ-ਸ਼ਾਹ ਜੋੜੀ ਦੀ ਕਠਪੁਤਲੀ ਹੈ। ਰੋਸ ਪ੍ਰਦਰਸ਼ਨ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਬਿਜਲੀ ਮੁਲਾਜ਼ਮ ਆਗੂ ਭੁਪਿੰਦਰ ਸਿੰਘ ਬਰਾੜ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇੰਦਰਜੀਤ ਸਿੰਘ ਧਾਲੀਵਾਲ, ਕਰਮਜੀਤ ਸਿੰਘ ਕਾਉਂਕੇ, ਹਰਬੰਸ ਸਿੰਘ ਅਖਾੜਾ, ਮੇਜਰ ਸਿੰਘ ਛੀਨਾ ਤੇ ਗੁਰਜੀਤ ਸਹੋਤਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਗੁਰਦੀਪ ਸਿੰਘ ਸਨੀ, ਸੁਖਵਿੰਦਰ ਸਿੰਘ, ਮਦਨ ਸਿੰਘ, ਕਰਤਾਰ ਸਿੰਘ ਵੀਰਾਨ ਆਦਿ ਹਾਜ਼ਰ ਸਨ।

