ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਸਤੰਬਰ
ਪਿੰਡ ਲੱਖਾ ’ਚ ਬੁਰਜ ਕੁਲਾਰਾ, ਹਠੂਰ ਆਦਿ ਪਿੰਡਾਂ ਨੂੰ ਜੋੜਨ ਵਾਲੀ ਸੜਕ ਤਿੰਨ ਸਰਕਾਰਾਂ ਆਉਣ ਦੇ ਬਾਵਜੂਦ ਨਾ ਬਣ ਸਕਣ ਕਾਰਨ ਅਣਮਿਥੇ ਸਮੇਂ ਦਾ ਧਰਨਾ ਜਾਰੀ ਹੈ। ਜਾਣਕਾਰੀ ਮੁਤਾਬਕ 2013 ਤੋਂ ਬਾਅਦ ਕਿਸੇ ਸਰਕਾਰ ਨੇ ਇਸ ਸੜਕ ਦੀ ਸਾਰ ਨਹੀਂ ਲਈ। ਬੁਰੀ ਤਰ੍ਹਾਂ ਟੁੱਟੀ ਹੋਈ ਸੜਕ 2012-17 ਤਕ ਅਕਾਲੀ-ਭਾਜਪਾ ਗਠਜੋੜ ਸਰਕਾਰ, ਉਪਰੰਤ 2017-22 ਤਕ ਕਾਂਗਰਸ ਸਰਕਾਰ ਅਤੇ ਹੁਣ ਪਿਛਲੇ ਸਾਲ ‘ਬਦਲਾਅ’ ਦੀ ਉਮੀਦ ਨਾਲ ਨਵੀਂ ਬਣੀ ਸਰਕਾਰ ਵੀ ਇਹ ਸਰਕਾਰ ਨਹੀਂ ਬਣਵਾ ਸਕੀ। ਵਰਤਮਾਨ ਹਾਕਮ ਧਿਰ ਵਲੋਂ 5.68 ਕਿਲੋਮੀਟਰ ਦਾ ਟੋਟਾ ਬਣਵਾਉਣ ਲਈ ਤਿੰਨ ਕਰੋੜ ਤੋਂ ਵਧੇਰੇ ਦੀ ਰਾਸ਼ੀ ਮਨਜ਼ੂਰ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਪਰ ਬਾਕੀ ਛੇ ਕਿਲੋਮੀਟਰ ਲੰਬੀ ਅਤੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਬਣਨ ਬਾਰੇ ਹਾਲੇ ਧਰਨਾਕਾਰੀਆਂ ਨੂੰ ਕੋਈ ਉਮੀਦ ਨਹੀਂ ਜਾਪਦੀ। ਧਰਨੇ ਦੇ 22ਵੇਂ ਦਨਿ ਅੱਜ ਧਰਨਾਕਾਰੀਆਂ ਦਾ ਇਸ ਗੱਲ ਨੂੰ ਲੈ ਕੇ ਰੋਹ ਦੇਖਣ ਨੂੰ ਮਿਲਿਆ ਕਿ ਤਿੰਨ ਸਰਕਾਰਾਂ ਨੇ ਕਵਿੇਂ 10 ਸਾਲ ਤੋਂ ਵਧੇਰੇ ਸਮਾਂ ਗੱਲਾਂ ਨਾਲ ਹੀ ਲੰਘਾ ਦਿੱਤਾ ਅਤੇ ਬੁਰੀ ਤਰ੍ਹਾਂ ਟੁੱਟੀ ਅਤੇ ਮਿਆਦ ਪੁਗਾਉਣ ਦੇ ਬਾਵਜੂਦ ਸੜਕਾਂ ਨਹੀਂ ਬਣਾਈਆਂ।
ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਧਾਲੀਵਾਲ, ਤਾਰਾ ਸਿੰਘ ਅੱਚਰਵਾਲ, ਸਰਪੰਚ ਮਲਕੀਤ ਸਿੰਘ ਹਠੂਰ, ਬਹਾਦਰ ਸਿੰਘ ਲੱਖਾ, ਹੁਕਮਰਾਜ ਦੇਹੜਕਾ, ਪ੍ਰਧਾਨ ਸੁਰਜੀਤ ਸਿੰਘ ਲੱਖਾ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ ਸਨ। ਇਸੇ ਉਮੀਦ ‘ਚ ਲੋਕਾਂ ਨੇ ਇਸ ਪਾਰਟੀ ਦੇ ਹੱਕ ‘ਚ ਅਕਾਲੀ ਤੇ ਕਾਂਗਰਸੀਆਂ ਨੂੰ ਨਕਾਰ ਕੇ ਵੱਡਾ ਫਤਵਾ ਦਿੱਤਾ। ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇਕਦਮਾਂ ‘ਤੇ ਚੱਲ ਪਈ ਹੈ। ਵਾਅਦੇ ਪੂਰੇ ਕਰਨ ਦੀ ਥਾਂ ਉਲਟਾ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ ਅਤੇ ਵਵਿਾਦ ਖੜ੍ਹਾ ਹੋਣ ‘ਤੇ ਭੱਜ ਵੀ ਲੈਂਦੀ ਹੈ। ਪੰਚਾਇਤਾਂ ਭੰਗ ਕਰਨ ਵਾਲੇ ਫ਼ੈਸਲੇ ਸਮੇਤ ਕਈ ਉਦਾਹਰਨਾਂ ਲੋਕਾਂ ਦੇ ਸਾਹਮਣੇ ਹਨ। ਬੁਲਾਰਿਆਂ ਨੇ ਕਿਹਾ ਕਿ ਫੈਲੇ ਭ੍ਰਿਸ਼ਟਾਚਾਰ ਨੇ ਵੀ ਕੱਟੜ ਇਮਾਨਦਾਰੀ ਦਾ ਪਾਜ ਉਘਾੜ ਦਿੱਤਾ ਹੈ। ਇਸੇ ਤਰ੍ਹਾਂ ਨਸ਼ੇ ਹੋਰ ਵਧ ਜਾਣ ਕਰਕੇ ਵੀ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲੀ ਹੈ।