ਖੰਨਾ ਦੇ ਸਤਨਾਮ ਨਗਰ ਵਿੱਚ ਨਵੀਂ ਵਾਰਡਬੰਦੀ ਦਾ ਵਿਰੋਧ
ਗਲੀਆਂ ’ਚ ਖਡ੍ਹਦੇ ਪਾਣੀ ਖ਼ਿਲਾਫ਼ ਮੁਜ਼ਾਹਰਾ; ਸਿਆਸੀ ਆਗੂਆਂ ਦੇ ਘਿਰਾਓ ਦੀ ਚਿਤਾਵਨੀ
ਇਥੋਂ ਦੇ ਸਤਨਾਮ ਨਗਰ ਦੇ ਵਸਨੀਕਾਂ ਨੇ ਜਿੱਥੇ ਸੂਬਾ ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਵਾਰਡ ਨਕਸ਼ੇ ’ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ, ਉੱਥੇ ਮੁਹੱਲੇ ਵਿੱਚ ਗੰਦੇ ਪਾਣੀ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਲੋਕਾਂ ਨੇ ਕਿਹਾ ਕਿ ਜਨਤਕ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਮੁਹੱਲੇ ਨੂੰ ਕਈ ਕਿਲੋਮੀਟਰ ਦੂਰ ਸਥਿਤ ਭੱਟੀਆਂ ਖੇਤਰ ਵਿੱਚ ਮਿਲਾ ਦਿੱਤਾ ਗਿਆ ਜਿਸ ਨਾਲ ਰੋਜ਼ਾਨਾ ਦੇ ਕੰਮਾਂ ਵਿੱਚ ਗੰਭੀਰ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਮੁਹੱਲਾ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਸਤਨਾਮ ਨਗਰ ਨੂੰ ਪਹਿਲਾਂ ਰਹੌਣ ਅਤੇ ਫਿਰ ਮਾਡਲ ਟਾਊਨ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਸਰਕਾਰ ਵੱਲੋਂ ਅਚਾਨਕ ਭੱਟੀਆਂ ਖੇਤਰ ਨਾਲ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਾਰ ਵਾਰ ਵਾਰਡ ਬਦਲਣ ਦੇ ਬਾਵਜੂਦ ਇਲਾਕੇ ਵਿੱਚ ਕੋਈ ਅਹਿਮ ਵਿਕਾਸ ਨਹੀਂ ਹੋਇਆ। ਅੱਜ ਵੀ ਮੁਹੱਲੇ ਵਿੱਚ ਸੀਵਰੇਜ ਸਿਸਟਮ ਦੀ ਘਾਟ ਹੈ ਅਤੇ ਲੋਕਾਂ ਨੂੰ ਨਾਕਾਫ਼ੀ ਨਿਕਾਸੀ ਕਾਰਨ ਰੋਜ਼ਾਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖੇਤਰ ਇੰਨਾ ਦੂਰ-ਦੁਰਾਡੇ ਹੋਣ ਕਾਰਨ ਛੋਟੇ ਛੋਟੇ ਪ੍ਰਸ਼ਾਸਕੀ ਕੰਮਾਂ ਲਈ ਵੀ 2 ਤੋਂ 3 ਵਾਰ ਆਟੋ ਬਦਲਣ ਦੀ ਲੋੜ ਪਵੇਗੀ। ਸਿਰਫ਼ ਕੌਂਸਲਰ ਕੋਲ ਜਾਣ ਲਈ ਲਗਪਗ 100 ਰੁਪਏ ਖਰਚ ਹੋਣਗੇ। ਇਲਾਕੇ ਦੇ ਜ਼ਿਆਦਾਤਰ ਲੋਕ ਰੋਜ਼ਾਨਾ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਅਜਿਹੇ ਵਾਧੂ ਖਰਚੇ ਦਾ ਬੋਝ ਪਵੇਗਾ। ਪਰਲਾਦ ਚੰਦ ਨੇ ਮੰਗ ਕੀਤੀ ਕਿ ਸਰਕਾਰੀ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰਨ ਲਈ ਨਿੱਜੀ ਤੌਰ ’ਤੇ ਸਾਈਟ ਦਾ ਦੌਰਾਨ ਕਰਨ। ਮੁਹੱਲੇ ਵਿਚ ਸੀਵਰੇਜ ਸਹੂਲਤਾਂ ਜਾਂ ਪੀਣ ਵਾਲੇ ਪਾਣੀ ਦੀ ਘਾਟ ਹੈ ਭਾਵੇਂ ਵਸਨੀਕ ਨਿਯਮਿਤ ਤੌਰ ’ਤੇ ਸਾਰੇ ਟੈਕਸ ਅਦਾ ਕਰਦੇ ਹਨ। ਇਸ ਦੇ ਬਾਵਜੂਦ ਮੁੱਢਲੀਆਂ ਸਹੂਲਤਾਂ ਉਪਲੱਬਧ ਨਹੀਂ ਹਨ। ਬਲਵਿੰਦਰ ਸਿੰਘ ਨੇ ਨਵੇਂ ਪ੍ਰਸਤਾਵਿਤ ਵਾਰਡ ਨਕਸ਼ੇ ’ਤੇ ਇਤਰਾਜ਼ ਪ੍ਰਗਟਾਉਂਦਿਆਂ ਦਲੀਲ ਦਿੱਤੀ ਕਿ ਸਤਨਾਮ ਨਗਰ ਨੂੰ ਪੁਰਾਣੇ ਵਾਰਡ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਮੁਹੱਲੇ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪ੍ਰਸਤਾਵਿਤ ਵਾਰਡ ਸੀਮਾਬੰਦੀ ’ਤੇ ਮੁੜ ਵਿਚਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਲਕੀਤ ਸਿੰਘ, ਛੋਟਾ ਸਿੰਘ, ਲਖਵਿੰਦਰ ਸਿੰਘ, ਜੰਗੂ ਰਾਮ, ਮੰਗੂ ਰਾਮ, ਪਿਆਰ ਸਿੰਘ, ਬਲਜਿੰਦਰ ਸਿੰਘ, ਮਨਮੋਹਨ ਸਿੰਘ, ਅਮਨਦੀਪ ਸਿੰਘ, ਗੁਰਪਾਲ ਸਿੰਘ ਆਦਿ ਹਾਜ਼ਰ ਸਨ।

