ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਜੁਲਾਈ
ਸ਼ਹਿਰ ਵਿੱਚ ਸਫ਼ਾਈ ਦੀ ਘਾਟ, ਟੁੱਟੀਆਂ ਸੜਕਾਂ ਸਣੇ ਹੋਰ ਮੁੱਦਿਆਂ ਲਈ ਨਗਰ ਸੁਧਾਰ ਸਭਾ ਦੀ ਸੱਦੀ ਇਕੱਤਰਤਾ ਵਿੱਚ ਅੱਜ ਲੋਕਾਂ ਨੇ ਰੋਸ ਜਤਾਇਆ। ਸਥਾਨਕ ਕਮੇਟੀ ਪਾਰਕ ਵਿੱਚ ਜੁੜੇ ਲੋਕਾਂ ਨੇ ਕੌਂਸਲਰਾਂ ਦੀ ਧੜੇਬੰਦੀ ਨੂੰ ਸ਼ਹਿਰ ਦੇ ਹਾਲਾਤਾਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨਗਰ ਕੌਂਸਲ, ਪ੍ਰਸ਼ਾਸਨ ਤੇ ਕੌਂਸਲਰਾਂ ਨੂੰ ਜਗਾਉਣ ਲਈ 16 ਜੁਲਾਈ ਨੂੰ ਨਗਰ ਕੌਂਸਲ ਦਫ਼ਤਰ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ।
ਸਭਾ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਨਗਰ ਕੌਂਸਲ ਦੀ ਧੜੇਬੰਦੀ ਕਾਰਨ ਸਮੁੱਚੇ ਵਿਕਾਸ ਕਾਰਜ ਰੁਕਣ ਦਾ ਦਾਅਵਾ ਕੀਤਾ ਗਿਆ। ਕੂੜਾ ਸੁੱਟਣ ਵਾਲੇ ਡੰਪ ਬੰਦ ਹੋਣ, ਕੂੜੇ ਦੇ ਢੇਰ ਪਿਛਲੇ ਦਸ ਦਿਨਾਂ ਵਿੱਚ ਨਾ ਚੁੱਕੇ ਜਾਣ, ਟੁੱਟੀਆਂ ਸੜਕਾਂ, ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ੇ, ਰਾਏਕੋਟ ਰੋਡ ਅਤੇ ਮਲਕ ਰੋਡ ਦੀ ਤਰਸਯੋਗ ਹਾਲਤ, ਲੋਕਾਂ ਨੂੰ ਗੁੰਮਰਾਹ ਕਰਦਿਆਂ ਨਹਿਰ ਦੀ ਥਾਂ 21 ਬੋਰ ਕਰਕੇ ਪਾਣੀ ਦੀ ਸਪਲਾਈ ਕਰਨ, ਕਮਲ ਚੌਕ ਅਤੇ ਪੁਰਾਣੀ ਮੰਡੀ ਵਿੱਚੋਂ ਪਾਣੀ ਦਾ ਨਿਕਾਸ ਨਾ ਹੋਣ, ਸ਼ਹੀਦ ਭਗਤ ਸਿੰਘ ਕਮਿਊਨਿਟੀ ਸੈਂਟਰ ਦੀ ਖ਼ਸਤਾ ਹਾਲਤ, ਸਫ਼ਾਈ ਸੇਵਕਾਂ ਦੀ ਘੱਟ ਨਫਰੀ, ਰੋਸ਼ਨੀ ਦੇ ਮਾੜੇ ਪ੍ਰਬੰਧ ਖ਼ਿਲਾਫ਼ 16 ਜੁਲਾਈ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ 10 ਤੋਂ 14 ਜੁਲਾਈ ਤਕ ਪ੍ਰਚਾਰ ਮੁਹਿੰਮ ਚਲਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਆਮ ਸਹਿਮਤੀ ਨਾਲ ਮਾਸਟਰ ਅਵਤਾਰ ਸਿੰਘ ਦੀ ਅਗਵਾਈ ਵਿੱਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮਾਸਟਰ ਗੁਰਮੇਲ ਸਿੰਘ, ਮੁਖਤਿਆਰ ਸਿੰਘ, ਜਗਦੀਸ਼ ਸਿੰਘ, ਮਾਸਟਰ ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਕਾਨੂੰਨਗੋ, ਮਾਸਟਰ ਜਸਵੰਤ ਸਿੰਘ ਕਲੇਰ ਚੁਣੇ ਗਏ। ਮੀਟਿੰਗ ਵਿੱਚ ਮਾਸਟਰ ਹਰਬੰਸ ਲਾਲ, ਮਦਨ ਸਿੰਘ, ਪ੍ਰੀਤਮ ਸਿੰਘ, ਮਸਤਾਨ ਸਿੰਘ, ਹਰਨਰਾਇਣ ਸਿੰਘ, ਸਤਪਾਲ ਸਿੰਘ ਦੇਹੜਕਾ, ਸੁੱਖ ਜਗਰਾਉਂ, ਮਿਰਹਰਾਜ ਸਿੰਘ, ਅਸ਼ੋਕ ਕੁਮਾਰ ਬਿੱਲੂ, ਮਾਸਟਰ ਹਰਜਿੰਦਰ ਸਿਘ ਹਾਜ਼ਰ ਸਨ।