ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਅਗਸਤ
ਨੇੜਲੇ ਪਿੰਡ ਰਸੂਲਪੁਰ ਵਿੱਚ ਮਾਰੂ ਨਸ਼ਿਆਂ, ਚਿੱਟੇ ਅਤੇ ਨਕਲੀ ਸ਼ਰਾਬ ਦੇ ਕਾਲੇ ਧੰਦੇ ਤੋਂ ਪੀੜਤ ਪਰਿਵਾਰਾਂ ਅਤੇ ਮਜ਼ਦੂਰ ਔਰਤਾਂ ਨੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਅੱਜ ਰੋਸ ਮੁਜ਼ਾਹਰਾ ਕਰ ਕੇ ਮੰਗ ਕੀਤੀ ਕਿ ਨਸ਼ੇ ਦੇ ਵੱਡੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਸਮੁੱਚੀ ਜਾਇਦਾਦ ਕੁਰਕ ਕੀਤੀ ਜਾਵੇ ਅਤੇ ਨਸ਼ਾ ਮਾਫੀਆ ਦੇ ਪੂਰੇ ਨੈੱਟਵਰਕ ਨੂੰ ਤਬਾਹ ਕੀਤਾ ਜਾਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਗੁਰਜੰਟ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ’ਚ ਮਾਰੂ-ਨਸ਼ੇ ਚਿੱਟੇ ਦੀ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ।
ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਨੌਜਵਾਨੀ ਤਬਾਹ ਕਰੂ ਨਸ਼ਾ ‘ਚਿੱਟਾ’ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ’ਚ ਪਨਪਿਆ ਅਤੇ ਕਾਂਗਰਸ ਸਰਕਾਰ ਵੇਲੇ ‘ਚਿੱਟੇ’ ਦੇ ਨਾਲ ਨਕਲੀ ਸ਼ਰਾਬ ਦਾ ਪਰਵਾਹ ਵੀ ਪੰਜਾਬ ਵੱਲ ਵਹਿ ਤੁਰਿਆ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੋਏ ਬਦਲਾਅ ਦੇ ਅਸਰ ਕਾਰਨ ਕੁਝ ਸਮਾਂ ‘ਚਿੱਟੇ’ ਅਤੇ ਨਕਲੀ ਸ਼ਰਾਬ ਦੇ ਧੰਦੇ ਨੂੰ ਮਾਮੁਲੀ ਜਿਹੀ ਰੋਕ ਲੱਗਣ ਤੋਂ ਬਾਅਦ ਮੌਜੂਦਾ ਸਮੇਂ ਮਾਰੂ ਨਸ਼ੇ ਤੇ ਨਕਲੀ ਸ਼ਰਾਬ ਦਾ ਧੰਦਾ ਪਹਿਲਾਂ ਨਾਲੋਂ ਵੀ ਵੇਗ ਫੜ ਚੁੱਕਾ ਹੈ। ਉਕਤ ਦੋਵੇਂ ਨਸ਼ੇ ਪੰਜਾਬ ਦੀ ਨੌਜਵਾਨੀ ਅਤੇ ਪਰਿਵਾਰਾਂ ਨੂੰ ਤਬਾਹ ਕਰ ਰਹੇ ਹਨ। ਮਾਰੂ ਨਸ਼ੇ ਅਤੇ ਨਕਲੀ ਸ਼ਰਾਬ ਦਾ ਸੰਤਾਪ ਸਭ ਤੋਂ ਵੱਧ ਔਰਤਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਬੰਧੀ ਮਜਦੂਰ ਔਰਤਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ।
ਇਕੱਤਰਤਾ ਨੂੰ ਹੋਰਨਾਂ ਤੋਂ ਇਲਾਵਾ ਰੁਪਿੰਦਰ ਸਿੰਘ, ਮੂਰਤੀ ਕੌਰ, ਰਮਨ ਕੌਰ ਅਤੇ ਰਾਣੀ ਕੌਰ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲੇ ਵੱਡੇ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਪੂਰੇ ਪ੍ਰਬੰਧ ਨੂੰ ਤਬਾਹ ਕੀਤਾ ਜਾਵੇ, ਨਸ਼ੇ ਦੀ ਗ੍ਰਿਫ਼ਤ ’ਚ ਆ ਚੁੱਕੇ ਨੌਜਵਾਨਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਨਸ਼ੇ ਦੀ ਮਾਰ ਕਾਰਨ ਆਰਥਿਕ ਤੌਰ ’ਤੇ ਤਬਾਹ ਹੋ ਚੁੱਕੇ ਪੀੜਤ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਆਰਥਿਕ ਮੱਦਦ ਕੀਤੀ ਜਾਵੇ।
ਇਸ ਮੌਕੇ ਕੁਝ ਦਲਿਤ ਮਜ਼ਦੂਰ ਔਰਤਾਂ ਨੇ ਦੁਖੀ ਮਨ ਨਾਲ ਰੋ-ਰੋ ਦੱਸਿਆ ਕਿ ਨਸ਼ੇ ਦੀ ਗ੍ਰਿਫ਼ਤ ’ਚ ਆ ਚੁੱਕੇ ਉਨ੍ਹਾਂ ਦੇ ਪਤੀ ਅਤੇ ਨੌਜਵਾਨ ਪੁੱਤਰ ਉਨ੍ਹਾਂ ਦਾ ਸਹਾਰਾ ਬਣਨ ਦੀ ਬਜਾਏ ਨਸ਼ੇ ਦੀ ਪੂਰਤੀ ਲਈ ਘਰੋਂ ਕੌਲੀਆਂ ਗਲਾਸ ਅਤੇ ਜ਼ਰੂਰੀ ਵਸਤਾਂ ਚੋਰੀ ਵੇਚ ਦਿੰਦੇ ਹਨ। ਪਰਿਵਾਰ ਪਾਲਣ ਲਈ ਉਨ੍ਹਾਂ ਨੂੰ ਖੁਦ ਦਿਹਾੜੀ ਲਈ ਜਾਣਾ ਪੈਂਦਾ ਹੈ ਤੇ ਧੱਕੇ ਖਾਣੇ ਪੈ ਰਹੇ ਹਨ। ਇਸ ਮੌਕੇ ਤੇਜਪਾਲ ਸਿੰਘ, ਸਰਗੁਣ ਸਿੰਘ, ਸੇਵਕ ਸਿੰਘ ਆਦਿ ਹਾਜ਼ਰ ਸਨ।