Ludhiana Property Dealer Murder Case: ਵਿਦੇਸ਼ੀ ਹਥਿਆਰ ਨਾਲ ਹੋਇਆ ਪ੍ਰਾਪਰਟੀ ਡੀਲਰ ਦਾ ਕਤਲ
ਇੱਕ ਮੁਲਜ਼ਮ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਹੋਣ ਦਾ ਦਾਅਵਾ; ਪੁਲੀਸ ਨੇ ਦੋ ਸ਼ੂਟਰਾਂ ਦੀ ਗ੍ਰਿਫ਼ਤਾਰੀ ਮਗਰੋਂ ਖੁਲਾਸਾ ਕੀਤਾ
ਐਂਟੀ-ਗੈਂਗਸਟਰ ਟਾਸਕ ਫ਼ੋਰਸ (ਏ ਜੀ ਟੀ ਐੱਫ) ਅਤੇ ਲੁਧਿਆਣਾ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਸ਼ਹਿਰ ਵਿੱਚ ਸਨਸਨੀਖੇਜ਼ ਢੰਗ ਨਾਲ ਕੀਤੇ ਪ੍ਰਾਪਰਟੀ ਡੀਲਰ ਹਰਜਿੰਦਰ ਸਿੰਘ ਉਰਫ਼ ਹੈਰੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਚੰਦਰਲੋਕ ਕਲੋਨੀ ਵਾਸੀ ਮਨਜੀਤ ਸਿੰਘ ਉਰਫ਼ ਬੌਬੀ ਅਤੇ ਮੋਹਿਤ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਅਤਿ-ਆਧੁਨਿਕ 9 ਐੱਮ ਐੱਮ ਗਲੋਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੀ ਘਟਨਾ ਦਾ ਸਾਜ਼ਿਸ਼ਘਾੜਾ ਅੰਮ੍ਰਿਤਸਰ ਦਾ ਰਵੀ ਕੁਮਾਰ ਹੈ, ਜਿਸ ਦੇ ਸਬੰਧ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ ਐੱਲ ਐੱਫ਼) ਨਾਲ ਹਨ। ਇਸ ਮਾਮਲੇ ਸਬੰਧੀ ਡਾਇਰੈਕਟਰ ਜਨਰਲ ਆਫ ਪੁਲੀਸ (ਡੀ ਜੀ ਪੀ) ਗੌਰਵ ਯਾਦਵ ਨੇ ਦੱਸਿਆ ਹੈ ਕਿ ਇਸ ਅਪਰਾਧਕ ਵਾਰਦਾਤ ਵਿੱਚ ਸ਼ਾਮਲ ਹੋਰਨਾਂ ਹਮਲਾਵਰਾਂ ਦੀ ਵੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੂਬੇ ਵਿੱਚ ਵੱਖ-ਵੱਖ ਸੰਭਾਵੀ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਬੌਬੀ ਦਾ ਪਹਿਲਾਂ ਵੀ ਅਪਰਾਧਕ ਰਿਕਾਰਡ ਰਿਹਾ ਹੈ। ਉਹ ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਵਰਗੇ ਕਈ ਸੰਗੀਨ ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਇਲਾਕੇ ਵਿੱਚ ਆਪਣਾ ਗੈਂਗ ਚਲਾਉਂਦਾ ਹੈ। ਜ਼ਿਕਰਯੋਗ ਹੈ ਕਿ ਬੀਤੇ 7 ਅਗਸਤ ਦੀ ਦੇਰ ਰਾਤ ਹਥਿਆਰਬੰਦ ਹਮਲਾਵਰਾਂ ਨੇ ਪ੍ਰਾਪਰਟੀ ਡੀਲਰ ਹੈਰੀ ਨੂੰ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਮਗਰੋਂ ਏ ਜੀ ਟੀ ਐੱਫ਼ ਦੀ ਟੀਮ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਸੀ ਅਤੇ ਤਕਨੀਕੀ ਨਿਗਰਾਨੀ ਜ਼ਰੀਏ ਮੁਲਜ਼ਮਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਪੁਖ਼ਤਾ ਇਤਲਾਹ ਮਿਲਦਿਆਂ ਹੀ ਪੁਲੀਸ ਟੀਮਾਂ ਨੇ ਟਿੱਬਾ ਇਲਾਕੇ ਵਿੱਚ ਵਿਸ਼ੇਸ਼ ਘੇਰਾਬੰਦੀ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ। ਬਾਕੀ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

