ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਅੱਜ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਦੇ ਤੌਰ’ ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਅਤੇ ਹੋਰ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੇ ਆਰੰਭ ’ਚ ਪ੍ਰਿੰਸੀਪਲ ਸੁਮਨ ਲਤਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਅਤੇ ਕਾਲਜ ਪ੍ਰਿੰਸੀਪਲ ਨੇ ਹੋਣਹਾਰ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਰਟੀਫਿਕੇਟ ,ਕਾਲਜ ਕਲਰ, ਮੈਰਿਟ ਸਰਟੀਫਿਕੇਟ, ਟਰਾਫੀਆਂ ਅਤੇ ਨਕਦ ਇਨਾਮ ਦਿੱਤੇ ।
ਇਨਾਮ ਵੰਡ ਸਮਾਗਮ ਵਿੱਚ 50 ਵਿਦਿਆਰਥਣਾਂ ਨੂੰ ਰੋਲ ਆਫ਼ ਆਨਰ, 58 ਵਿਦਿਆਰਥਣਾਂ ਨੂੰ ਕਾਲਜ ਕਲਰ ਅਤੇ 154 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ। ਇਨ੍ਹਾਂ ਤੋਂ ਇਲਾਵਾ ਸਟੂਡੈਂਟ ਕੌਂਸਲ ਦੀਆਂ 50 ਵਿਦਿਆਰਥਣਾਂ ਦੀ ਟੀਮ ਨੂੰ ਸਰਟੀਫਿਕੇਟ , 22 ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੀ ਏ ਭਾਗ ਤੀਜਾ ਦੀ ਵਿਦਿਆਰਥਣ ਵਾਣੀ ਪੁਰੀ ਨੂੰ ‘ਐਕਸੀਲੈਂਸ ਐਵਾਰਡ’ ਅਤੇ ਬੀ ਐੱਸ ਸੀ ਭਾਗ ਤੀਜਾ ਦੀ ਵਿਦਿਆਰਥਣ ਨਮੀਸ਼ਾ ਬਗਾਰੀਆ ਨੂੰ ‘ਆਲ-ਰਾਊਂਡਰ ਬੈਸਟ ਸਟੂਡੈਂਟ ’ ਟਰਾਫੀ ਮਿਲੀ। ਮੁੱਖ ਮਹਿਮਾਨ ਡਾ. ਗਿੱਲ ਨੇ ਵਿਦਿਆਰਥਣਾਂ ਨੂੰ ਹਮੇਸ਼ਾ ਪਰਮਾਤਮਾ, ਮਾਪਿਆਂ ਅਤੇ ਅਧਿਆਪਕਾਂ ਦਾ ਸ਼ੁਕਰਾਨਾ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਮੋਬਾਈਲ ਫੋਨ ਦੀ ਯੋਗ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਹਰੇਕ ਪੁਰਸਕਾਰ ਜੇਤੂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ, ਉਨ੍ਹਾਂ ਦੀ ਲਗਨ, ਰਚਨਾਤਮਕਤਾ ਅਤੇ ਜਨੂੰਨ ਦਾ ਪ੍ਰਮਾਣ ਹਨ। ਸਮਾਗਮ ’ਚ ਸਰਕਾਰੀ ਕਾਲਜ ਲੜਕੇ ਦੇ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ, ਸਾਬਕਾ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ, ਸਾਬਕਾ ਡਾਇਰੈਕਟਰ ਡਾ. ਰਾਜੀਵ ਸਹਿਗਲ, ਸਰਕਾਰੀ ਕਾਲਜ ਰਾਏਕੋਟ ਦੇ ਪ੍ਰਿੰਸੀਪਲ ਡਾ. ਮਮਤਾ ਕੋਚਰ, ਜਸਵੰਤ ਸਿੰਘ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

