Traders' Issues: ਵਪਾਰੀਆਂ ਦੇ ਮਸਲਿਆਂ ਨੂੰ ਤਰਜੀਹ ਦਿੱਤੀ: ਸਿੰਘੀ
ਕਾਰੋਬਾਰੀਆਂ ਨੇ ਟਰੇਡਰਜ਼ ਵੈੱਲਫੇਅਰ ਬੋਰਡ ਦੇ ਚੇਅਰਮੈਨ ਦਾ ਸਨਮਾਨ ਕੀਤਾ
ਭਾਰਤ ਸਰਕਾਰ ਦੇ ਟਰੇਡਰਜ਼ ਵੈੱਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰ ਰਹੀ ਹੈ।
ਉਹ ਅੱਜ ਆਪਣੇ ਪੰਜਾਬ ਦੌਰੇ ਦੌਰਾਨ ਭਾਜਪਾ ਪੰਜਾਬ ਟਰੇਡ ਸੈੱਲ ਦੇ ਨਵ-ਨਿਯੁਕਤ ਕੋ-ਕਨਵੀਨਰ ਜਸਪ੍ਰੀਤ ਸਿੰਘ ਹੌਬੀ ਦੇ ਦਫ਼ਤਰ ਵਿੱਚ ਵਪਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੁਨੀਲ ਸਿੰਘੀ ਨੇ ਜਸਪ੍ਰੀਤ ਸਿੰਘ ਹੌਬੀ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆ। ਉਨ੍ਹਾਂ ਨਾਲ ਪੰਜਾਬ ਟਰੇਡ ਸੈੱਲ ਦੇ ਕਨਵੀਨਰ ਰਜਿੰਦਰ ਸਿੰਘ ਮਰਵਾਹਾ ਵੀ ਹਾਜ਼ਰ ਸਨ। ਇਸ ਮੌਕੇ ਹੌਬੀ ਨੇ ਦੋਵਾਂ ਆਗੂਆਂ ਦਾ ਸਨਮਾਨ ਕੀਤਾ। ਸੁਨੀਲ ਸਿੰਘੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪ੍ਰਮੁੱਖ ਸੂਬਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਮੁਸ਼ਕਲਾਂ ਬੇਝਿੱਜਕ ਉਨ੍ਹਾਂ ਅੱਗੇ ਰੱਖਣ ਜਿਨ੍ਹਾਂ ਦਾ ਹੱਲ ਕੱਢ ਕੇ ਵਪਾਰੀਆਂ ਨੂੰ ਰਾਹਤ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਹੌਬੀ ਨੇ ਕਿਹਾ ਕਿ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਸਮਝਣਾ, ਉਨ੍ਹਾਂ ਦੇ ਮੁੱਦਿਆਂ ਨੂੰ ਯੋਗ ਮੰਚਾਂ ਤੱਕ ਪਹੁੰਚਾਉਣਾ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਬਿਹਤਰ ਤਾਲਮੇਲ ਸਥਾਪਤ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਰਹੇਗਾ। ਇਸ ਮੌਕੇ ਗੁਰਨਿੰਦਰ ਸਿੰਘ ਗੋਜੀ, ਨਵਦੀਪ ਸਿੰਘ ਵਿਰਦੀ, ਗੁਰਪ੍ਰੀਤ ਸਿੰਘ ਸਰਨਾ, ਜਗਪ੍ਰੀਤ ਸਿੰਘ, ਡਾ. ਅਜੇ ਗਾਂਧੀ, ਸਰਬਜੀਤ ਸਿੰਘ ਮੋਂਟੂ, ਰਿਪਨ ਜੈਨ, ਤਜਿੰਦਰ ਸਿੰਘ ਸਭਰਵਾਲ, ਜੋਬਨਜੋਤ ਸਿੰਘ ਖਹਿਰਾ, ਅਮਨਮੀਤ ਸਿੰਘ, ਜਸਵਿੰਦਰ ਸਿੰਘ ਵਿੱਕੀ ਜਗਰੂਪ ਸਿੰਘ ਖਾਲਸਾ, ਗੋਪਾਲ ਸ਼ਰਮਾ ਅਤੇ ਜਸਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

