ਪੱਤਰ ਪ੍ਰੇਰਕ
ਸਮਰਾਲਾ, 11 ਸਤੰਬਰ
ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪ੍ਰਿੰਸਦੀਪ ਸਿੰਘ ਵਾਸੀ ਪਿੰਡ ਬੀਜਾ ਨੇ ਚੱਲ ਰਹੀਆਂ ਸਕੂਲੀ ਖੇਡਾਂ ਵਿਚ ਕੁਸ਼ਤੀਆਂ ਫਰੀ ਸਟਾਈਲ ਉਮਰ ਅੰਡਰ 19 ਕੈਟਾਗਰੀ ਵਿਚੋਂ ਆਪਣੇ ਵਿਰੋਧੀ ਖਿਡਾਰੀ ਨੂੰ 12-2 ਸਕੋਰਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜ਼ਿਲ੍ਹੇ ’ਚੋਂ ਪਹਿਲੇ ਨੰਬਰ ਤੇ ਰਹਿੰਦਿਆਂ ਸੋਨ ਤਗ਼ਮਾ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਇਸ ਵਿਦਿਆਰਥੀ ਦੀ ਜਿੱਤ ਦਾ ਸਿਹਰਾ ਉਸ ਦੇ ਮਾਤਾ ਪਿਤਾ, ਕੋਚ ਐਸ.ਪੀ. ਮੁਕੇਸ਼ ਕੁਮਾਰ ਨੂੰ ਦਿੱਤਾ।
ਵਿਦਿਆਰਥੀਆਂ ਦੀ ਸੂਬਾ ਪੱਧਰੀ ਟੂਰਨਾਮੈਂਟ ਲਈ ਚੋਣ
ਮਾਛੀਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਲਗਾਤਾਰ ਮਾਣਮੱਤੀਆਂ ਪ੍ਰਾਪਤੀਆਂ ਨਾਲ ਸੰਸਥਾ ਦਾ ਨਾਮ ਚਮਕਾ ਰਹੇ ਹਨ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਸਕੂਲ ਦੇ 2 ਹਾਕੀ ਖਿਡਾਰੀ ਅਤੇ ਖੰਨਾ ਵਿੱਚ ਹੋਏ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਸੰਸਥਾ ਦੇ ਵਿਦਿਆਰਥੀ ਸਟੇਟ ਪੱਧਰੀ ਟੂਰਨਾਮੈਂਟਾਂ ਲਈ ਚੁਣੇ ਗਏ। ਜ਼ਿਲਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਅੰਡਰ-19 ਤਹਿਤ ਜੋਬਨਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ ਅਮਨਿੰਦਰ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਿਚ ਰੁਸਤਮ ਨੇ ਗੋਲਡ, ਦਮਨਪ੍ਰੀਤ ਨੇ ਚਾਂਦੀ ਅਤੇ ਗੈਵੀ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।