Chandigarh ਕੂਚ ਦੀ ਤਿਆਰੀ: 4 July ਦੇ ਸਾਂਝੇ Protest ਲਈ ਕਿਸਾਨਾਂ ਨੇ ਬਣਾਇਆ Action Plan
ਕਿਰਤ ਕਾਨੂੰਨਾਂ ਅਤੇ ਖੇਤੀ ਲਾਗਤਾਂ ਦੇ ਮੁੱਦੇ ’ਤੇ ਵਿਚਾਰ-ਚਰਚਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਅੱਜ ਪਿੰਡ ਫੱਲੇਵਾਲ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 4 ਜੁਲਾਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਨਾਲ ਮਿਲ ਕੇ ਚੰਡੀਗੜ੍ਹ ਵਿੱਚ ਕੀਤੇ ਜਾਣ ਵਾਲੇ ਸਾਂਝੇ ਰੋਸ ਪ੍ਰਦਰਸ਼ਨ ਦੀ ਰੂਪਰੇਖਾ ਤਿਆਰ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਧਰਨੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹੇ ਦੇ ਸਾਰੇ ਬਲਾਕਾਂ ਅਤੇ ਪਿੰਡਾਂ ਵਿੱਚ ਲਗਾਤਾਰ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕੀਤੀ। ਇਸ ਦੌਰਾਨ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ, ਯੂਰੀਆ ਦੀ ਘਾਟ, ਯੂਰੀਆ ਨਾਲ ਹੋਰ ਬੇਲੋੜਾ ਸਮਾਨ ਲੈਣ ਦੀ ਸ਼ਰਤ, ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ, ਬਿਜਲੀ ਬਿੱਲ-2025, ਬੀਜ ਬਿੱਲ, ਮਨਰੇਗਾ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਅਤੇ ਕਿਰਤ ਕਾਨੂੰਨਾਂ ਦੀ ਥਾਂ ਲੇਬਰ ਕੋਡ ਲਾਗੂ ਕਰਨ ਵਰਗੇ ਅਹਿਮ ਮੁੱਦਿਆਂ ’ਤੇ ਗੰਭੀਰ ਚਰਚਾ ਕੀਤੀ ਗਈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਨੀਤੀਆਂ ਅਤੇ ਨਵੇਂ ਕਾਨੂੰਨ ਸਿਰਫ਼ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਤਾਕਤਾਂ ਦੇ ਹਿੱਤਾਂ ਨੂੰ ਮਜ਼ਬੂਤ ਕਰ ਰਹੇ ਹਨ। ਇਨ੍ਹਾਂ ਨੀਤੀਆਂ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ’ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਵਾਉਣ ਲਈ 4 ਜੁਲਾਈ ਦਾ ਸੰਘਰਸ਼ ਬਹੁਤ ਅਹਿਮ ਸਾਬਤ ਹੋਵੇਗਾ।
ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਚੰਡੀਗੜ੍ਹ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ, ਚਰਨਜੀਤ ਸਿੰਘ ਫੱਲੇਵਾਲ, ਹਰਜੀਤ ਸਿੰਘ ਘਲੋਟੀ ਅਤੇ ਗੁਰਦੇਵ ਸਿੰਘ ਨਾਰੰਗਵਾਲ ਵੀ ਹਾਜ਼ਰ ਸਨ।

