ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਸਨਅਤੀ ਸ਼ਹਿਰ ਦੇ ਪਿੰਡ ਜਮਾਲਪੁਰ ਦੇ ਰਹਿਣ ਵਾਲੇ ਇੱਕ ਟਰੱਕ ਚਾਲਕ ਨੂੰ ਪਾਵਰਕੌਮ ਨੇ ਵੱਡਾ ਝਟਕਾ ਦਿੰਦੇ ਹੋਏ, 2.42 ਲੱਖ ਰੁਪਏ ਦਾ ਬਿਜਲੀ ਬਿੱਲ ਭੇਜਿਆ ਹੈ। ਪੀੜਤ ਟਰੱਕ ਚਾਲਕ ਬਿੱਲ ਨੂੰ ਲੈ ਕੇ ਦਫ਼ਤਰ ਦੇ ਚੱਕਰ ਲਾ ਰਿਹਾ ਹੈ, ਪਰ ਅਧਿਕਾਰੀ ਸਿਰਫ਼ ਜਾਂਚ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਰਹੇ ਹਨ। ਹੁਣ ਉਸਨੂੰ ਸ਼ਿਕਾਇਤ ਨਿਵਾਰਨ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਹੈ। ਬਿੱਲ ਨੂੰ ਦੇਖ ਕੇ ਪੀੜਤ ਟਰੱਕ ਚਾਲਕ ਦਾ ਕਹਿਣਾ ਹੈ ਕਿ ਜੇਕਰ ਕੋਈ ਹੱਲ ਨਹੀਂ ਨਿਕਲਿਆ ਤਾਂ ਉਹ ਮਰਨ ਲਈ ਮਜਬੂਰ ਹੋਣਗੇ। ਜਾਣਕਾਰੀ ਅਨੁਸਾਰ ਪਿੰਡ ਜਮਾਲਪੁਰ ਵਾਸੀ ਸਤਨਾਮ ਸਿੰਘ ਇੱਕ ਟਰੱਕ ਡਰਾਈਵਰ ਹੈ। ਉਹ 2 ਕਮਰੇ ਦੇ ਘਰ ’ਚ ਰਹਿੰਦਾ ਹੈ। ਜਨਵਰੀ 2021 ’ਚ ਉਸਨੇ ਆਪਣਾ ਬਿਜਲੀ ਦਾ ਮੀਟਰ ਬਦਲਵਾਇਆ ਸੀ। ਮਈ ਮਹੀਨੇ ’ਚ 2.32 ਲੱਖ ਰੁਪਏ ਦਾ ਬਿਜਲੀ ਬਿੱਲ ਉਸਨੂੰ ਮਿਲਿਆ। ਫਿਰ ਉਸਨੇ ਭਾਜਪਾ ਆਗੂਆਂ ਨਾਲ ਇਸ ਬਾਰੇ ਸੰਪਰਕ ਕੀਤਾ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਤੇ ਹੋਰ ਆਗੂ ਸੋਮਵਾਰ ਸਤਨਾਮ ਸਿੰਘ ਨੂੰ ਲੈ ਕੇ ਬਿਜਲੀ ਦਫ਼ਤਰ ਪੁੱਜੇ। ਜਿੱਥੇ ਐਸਡੀਓ ਮਾਨਿਕ ਭਨੋਟ ਨੇ ਕਿਹਾ ਕਿ ਬਿਜਲੀ ਦਾ ਮੀਟਰ ਵੀ ਚੈੱਕ ਕੀਤਾ ਗਿਆ ਹੈ ਤੇ ਜਿੰਨ੍ਹੀਆਂ ਯੂਨਿਟਾਂ ਵਰਤੀਆਂ ਹੋਈਆਂ ਹਨ, ਉਨ੍ਹਾਂ ਦਾ ਹੀ ਬਿੱਲ ਆਇਆ ਹੈ। ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਇਥੇ ਸ਼ਿਕਾਇਤ ਨਿਵਾਰਨ ਕਮੇਟੀ ਸਾਹਮਣੇ ਪੇਸ਼ ਹੋ ਸਕਦਾ ਹੈ। ਇਸ ਮਾਮਲੇ ’ਚ ਸੀਨੀਅਰ ਐਕਸੀਅਨ ਜਗਦੀਪ ਸਿੰਘ ਗਰਚਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ। ਉਸਦੇ ਮਾਮਲੇ ਨੂੰ ਹੱਲ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਮੀਟਰ ਨੂੰ ਚੈੱਕ ਕਰਵਾ ਕੇ ਇਹ ਵੀ ਦੇਖਾਂਗੇ ਕਿ ਬਿੱਲ ਇੰਨਾ ਜ਼ਿਆਦਾ ਕਿਉਂ ਆਇਆ ਹੈ।