ਪਾਵਰਕੌਮ ਦਫ਼ਤਰ ਦੀ ਇਮਾਰਤ ਖ਼ਸਤਾ ਹਾਲ
ਕਿਸੇ ਸਮੇਂ ਵੀ ਵਾਪਰ ਸਕਦਾ ਹੈ ਹਾਦਸਾ; ਜਾਨ ਜੋਖਮ ਵਿੱਚ ਪਾ ਕੇ ਕੰਮ ਕਰਦੇ ਨੇ ਮੁਲਾਜ਼ਮ
ਸਥਾਨਕ ਸਿੱਧਵਾਂ ਬੇਟ ਰੋਡ ’ਤੇ ਸਥਿਤ ਪਾਵਰਕੌਮ ਦਾ ਸਬ-ਅਰਬਨ ਉਪ-ਮੰਡਲ ਦਫ਼ਤਰ ਇਸ ਸਮੇਂ ਬਹੁਤ ਹੀ ਖਸਤਾ ਹਾਲ ਵਿੱਚ ਹੈ। ਇਸ ਸਾਂਝੀ ਇਮਾਰਤ ਵਿੱਚ ਬਿੱਲ ਭੁਗਤਾਨ ਦਫ਼ਤਰ, ਆਰ ਏ, ਐੱਸ ਡੀ ਓ ਅਤੇ ਜੇ ਈ ਦੇ ਦਫ਼ਤਰਾਂ ਸਮੇਤ ਬਿਜਲੀ ਸਮੱਗਰੀ ਦਾ ਸਟੋਰ ਵੀ ਬਣਿਆ ਹੋਇਆ ਹੈ। ਇਹ ਇਮਾਰਤ ਅੰਦਰੋਂ ਅਤੇ ਬਾਹਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਇਸ ਦੀਆਂ ਕੰਧਾਂ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਆ ਚੁੱਕੀਆਂ ਹਨ। ਦਫ਼ਤਰ ਅੰਦਰ ਬਣੇ ਪਖ਼ਾਨਿਆਂ ਵਿੱਚ ਪਾਣੀ ਅਤੇ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ। ਕੰਮ ਕਰਵਾਉਣ ਲਈ ਆਉਣ ਵਾਲੇ ਖ਼ਪਤਕਾਰਾਂ ਅਤੇ ਮੁਲਾਜ਼ਮਾਂ ਲਈ ਪੀਣ ਵਾਲੇ ਪਾਣੀ ਅਤੇ ਬੈਠਣ ਦਾ ਵੀ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ। ਇਮਾਰਤ ਦੀ ਛੱਤ ’ਤੇ ਵੱਡਾ ਘਾਹ ਉੱਗਿਆ ਹੋਇਆ ਹੈ ਅਤੇ ਖ਼ਤਰੇ ਦੇ ਡਰੋਂ ਕੋਈ ਵੀ ਉੱਥੇ ਸਫ਼ਾਈ ਕਰਨ ਨਹੀਂ ਜਾਂਦਾ। ਪਾਰਕਿੰਗ ਵਿੱਚ ਕਬਾੜ ਭਰਿਆ ਹੋਣ ਕਾਰਨ ਵਾਹਨ ਖੜ੍ਹੇ ਕਰਨ ਦੀ ਕਾਫ਼ੀ ਸਮੱਸਿਆ ਹੈ। ਵਿਭਾਗੀ ਕਾਰਵਾਈ ਦੇ ਡਰੋਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਇਮਾਰਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਅਤੇ ਇੱਥੇ ਕੰਮ ਕਰਨਾ ਜੋਖ਼ਮ ਤੋਂ ਘੱਟ ਨਹੀਂ ਹੈ। ਇਸ ਸਬੰਧੀ ਐਕਸੀਅਨ ਇੰਜਨੀਅਰ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਸਵੀਕਾਰ ਕੀਤਾ ਕਿ ਨਾ ਸਿਰਫ਼ ਇਹ ਦਫ਼ਤਰ ਸਗੋਂ ਉਨ੍ਹਾਂ ਦੇ ਆਪਣੇ ਦਫ਼ਤਰ ਦੀ ਛੱਤ ਦਾ ਸੀਮਿੰਟ ਵੀ ਡਿੱਗਣ ਲੱਗਾ ਹੈ ਅਤੇ ਸਰੀਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਮੁੱਖ ਦਫ਼ਤਰ ਨੂੰ ਕਈ ਵਾਰ ਲਿਖ ਕੇ ਭੇਜਿਆ ਜਾ ਚੁੱਕਾ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਇਲਾਕਾ ਨਿਵਾਸੀਆਂ ਅਤੇ ਖਪਤਕਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀ ਜਾਨ ਦੀ ਸੁਰੱਖਿਆ ਨੂੰ ਦੇਖਦਿਆਂ ਜਲਦੀ ਨਵੀਂ ਇਮਾਰਤ ਤਿਆਰ ਕੀਤੀ ਜਾਵੇ।

