ਪਾਵਰਕੌਮ ਮੁਲਾਜ਼ਮਾਂ ਵੱਲੋਂ ਵਿਭਾਗ ਦੇ ਸਮਾਰਟ ਫੋਨ ਲੈਣ ਤੋਂ ਨਾਂਹ
ਪੂਰਬੀ, ਪੱਛਮੀ ਤੇ ਸਬ-ਅਰਬਨ ਸਰਕਲਾਂ ਦੇ ਐੱਸ ਈ ਨੂੰ ਮੰਗ ਪੱਤਰ ਦਿੱਤੇ
ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਸੱਦੇ ’ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੂਰਬੀ, ਪੱਛਮੀਂ ਤੇ ਸਬਅਰਬਨ ਸਰਕਲਾਂ ਦੇ ਐੱਸ ਈ’ਜ਼ ਨੂੰ ਮੰਗ ਪੱਤਰ ਦੇ ਕੇ ਸਮਾਰਟ ਫੋਨ ਲੈਣ ਤੋਂ ਨਾਂਹ ਕਰ ਦਿੱਤੀ ਹੈ।
ਟੀ ਐੱਸ ਯੂ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ, ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਪੰਜਾਬ ਰਾਜ ਬਿਜਲੀ ਬੋਰਡ ਐਂਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਮੀਤ ਪ੍ਰਧਾਨ ਗਗਨਦੀਪ ਸ਼ਰਮਾ, ਵਰਕਰਜ ਫੈਡਰੇਸ਼ਨ ਇੰਟਕ ਦੇ ਪ੍ਰਧਾਨ ਗੁਰਦੀਪ ਸਿੰਘ, ਕਰਮਚਾਰੀ ਦਲ ਦੇ ਜ਼ੋਨ ਪ੍ਰਧਾਨ ਬਾਬਾ ਗੁਰਦੀਪ ਸਿੰਘ ਬਾਬਾ ਅਤੇ ਪਾਵਰਕੌਮ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਦੀ ਅਗਵਾਈ ਹੇਠ ਵਫਦ ਨੇ ਐੱਸ ਈ ਪੱਛਮੀ ਕੁਲਵਿੰਦਰ ਸਿੰਘ, ਐੱਸ ਈ ਪੂਰਬੀ ਸੁਰਜੀਤ ਸਿੰਘ ਅਤੇ ਐੱਸ ਈ ਸਬਅਰਬਨ ਜਸਵਿੰਦਰ ਸਿੰਘ ਨੂੰ ਮੰਗ ਪੱਤਰ ਸੋਂਪਿਆ।
ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਜਬਰੀ ਫੋਨ ਦਿੱਤੇ ਜਾ ਰਹੇ ਹਨ ਅਤੇ ਮੋਬਾਈਲ ਫੋਨ ਨਾ ਲੈਣ ਵਾਲੇ ਸਹਾਇਕ ਲਾਈਨਮੈਨਾਂ ਤੇ ਲਾਈਨਮੈਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਮੰਗ ਕੀਤੀ ਕਿ ਜਾਰੀ ਕੀਤੇ ਨੋਟਿਸ ਤੁਰੰਤ ਵਾਪਸ ਲਏ ਜਾਣ ਅਤੇ 5 ਜੂਨ ਨੂੰ ਬਿਜਲੀ ਮੰਤਰੀ ਨਾਲ ਹੋਣ ਜਾ ਰਹੀ ਮੀਟਿੰਗ ’ਚ ਪੈਦਾ ਹੋਈਆਂ ਉਲਝਣਾਂ ਦੇ ਹੱਲ ਤੋਂ ਬਾਅਦ ਹੀ ਇਹ ਜਾਰੀ ਕੀਤੇ ਜਾਣ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਸਮਾਰਟ ਫੋਨਾਂ ਬਾਰੇ ਮੁਲਾਜ਼ਮਾਂ ਦੀਆਂ ਸ਼ੰਕਾਵਾਂ ਖ਼ਤਮ ਨਹੀਂ ਹੁੰਦੀਆਂ ਉਦੋਂ ਤੱਕ ਉਹ ਮੋਬਾਈਲ ਫੋਨ ਨਹੀਂ ਲੈਣਗੇ ਅਤੇ ਜਿਹੜਾ ਅਫ਼ਸਰ ਮੁਲਾਜ਼ਮਾਂ ਨੂੰ ਧਮਕਾਵੇਗਾ, ਜਬਰੀ ਮੋਬਾਈਲ ਫੋਨ ਦੇਵੇਗਾ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਕਰੇਗਾ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

