Pond Encroachment: ਸੱਤੋਵਾਲ ਦੇ ਛੱਪੜ ’ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਭਖਿਆ
ਗਿਆਰ੍ਹਾਂ ਵਰ੍ਹੇ ਪਹਿਲਾਂ ਜਿੱਤੇ ਕੇਸ ਨੂੰ ਲਾਗੂ ਕਰਨ ਤੋਂ ਪ੍ਰਸ਼ਾਸਨ ਅਸਮਰੱਥ; ਨਾਜਾੲਿਜ਼ ਕਬਜ਼ੇ ਕਾਰਨ ਗਲੀਆਂ ਵਿੱਚ ਖਡ਼੍ਹਿਆ ਸੀਵਰੇਜ ਦਾ ਪਾਣੀ
ਪਿੰਡ ਸੱਤੋਵਾਲ ਵਿੱਚ ਪਿੰਡ ਦੇ ਗਿੱਲ ਪੱਤੀ ਵਾਲੇ ਛੱਪੜ ’ਤੇ ਪਿੰਡ ਦੇ ਹੀ ਕੁੱਝ ਪਰਿਵਾਰਾਂ ਵੱਲੋਂ ਵਰ੍ਹਿਆਂ ਤੋਂ ਨਾਜ਼ਾਇਜ ਕਬਜਾ ਕੀਤਾ ਹੋਇਆ ਹੈ। ਇਸ ਕਾਰਨ ਸੀਵਰੇਜ ਅਤੇ ਮੀਂਹ ਦਾ ਪਾਣੀ ਗਲੀਆਂ ਵਿੱਚ ਖੜ੍ਹਦਾ ਹੈ। ਸਾਬਕਾ ਸਰਪੰਚ ਗੁਰਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਗਿੱਲ ਪੱਤੀ ਦਾ ਛੱਪੜ ਰਕਬਾ ਕਰੀਬ 3 ਕਨਾਲ 1 ਮਰਲਾ ਹੈ। ਇਸ ’ਤੇ ਪਿੰਡ ਵਾਸੀ ਗੁਰਮੇਲ ਸਿੰਘ, ਹਰਜਿੰਦਰ ਸਿੰਘ, ਚਮਕੌਰ ਸਿੰਘ, ਬਲਬੀਰ ਸਿੰਘ ਅਤੇ ਸੁਦਾਗਰ ਸਿੰਘ ਦੇ ਪਰਿਵਾਰਾਂ ਨੇ ਨਾਜ਼ਾਇਜ ਕਬਜ਼ਾ ਕੀਤਾ ਹੋਇਆ ਹੈ। ਇਸ ਸਬੰਧੀ ਲੁਧਿਆਣਾ ਅਦਾਲਤ ਵਿੱਚ ਕੇਸ ਕੀਤਾ ਹੋਇਆ ਸੀ। ਇਹ ਕੇਸ ਪਿੰਡ ਦੀ ਪੰਚਾਇਤ 3 ਨਵੰਬਰ 2015 ਨੂੰ ਜਿੱਤ ਚੁੱਕੀ ਹੈ,ਅਤੇ ਅਦਾਲਤ ਨੇ ਕਬਜ਼ਾਕਾਰਾਂ ਖਿਲਾਫ ਵਾਰੰਟ ਡੀ ਡੀ ਪੀ ਓ ਰਾਹੀਂ ਜਾਰੀ ਕੀਤੇ ਹੋੲ ਹਨ ਪਰ ਪ੍ਰਸ਼ਾਸਨ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਾਉਣ ਤੋਂ ਅਸਮਰਥ ਹੈ। ਪਿਛਲੇ 11 ਸਾਲਾਂ ਤੋਂ ਅਦਾਲਤੀ ਹੁਕਮਾਂ ਨੂੰ ਲਾਗੂ ਕਰਾਉਣ ਲਈ ਸਰਪੰਚ ਸੋਹਣ ਸਿੰਘ, ਬਲਵਿੰਦਰ ਸਿੰਘ ਗਿੱਲ, ਸਵਰਨਜੀਤ ਕੌਰ, ਕੁਲਵਿੰਦਰ ਕੌਰ, ਸਵਰਨਜੀਤ ਕੌਰ ਗਿੱਲ (ਸਾਰੇ ਪੰਚ) ਵੱਲੋਂ 22 ਜੁਲਾਈ 2026 ਨੂੰ ਫਿਰ ਡੀ ਸੀ ਨੂੰ ਸ਼ਿਕਾਇਤ ਕੀਤੀ। ਇੱਕ ਵਾਰ ਕਬਜ਼ਾਕਾਰਾਂ ਨੇ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਕਬਜ਼ਾ ਛੱਡਣ ਲਈ ਮੰਨਿਆ ਸੀ, ਮਗਰੋਂ ਕੋਈ ਕਾਰਵਾਈ ਨਹੀਂ ਹੋਈ। ਸਾਬਕਾ ਸਰਪੰਚ ਗੁਰਅਵਤਾਰ ਸਿੰਘ ਨੇ ਇਹ ਵੀ ਦੋਸ਼ ਲਾੲ ਕਿ ਮਾਲ ਵਿਭਾਗ ਦੀ ਮਿਲੀਭੁਗਤ ਕਾਰਨ ਖਦਸ਼ਾ ਹੈ ਕਿ ਵਿਭਾਗ ਦੇ ਰਿਕਾਰਡ ਦੀ ਫੀਲਡ ਬੁੱਕ ਤੇ ਨਕਸ਼ੇ ਵਿੱਚੋਂ ਛੱਪੜ ਨੂੰ ਗਾਇਬ ਹੀ ਕਰ ਦਿੱਤਾ ਹੈ। ਜੇ ਅਜਿਹਾ ਹੈ ਤਾਂ ਮਾਲ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪੰਚਾਇਤ ਵਿਭਾਗ ਦੇ ਨਕਸ਼ੇ ਵਿੱਚ ਖਸਰਾ ਨੰਬਰ 46 ਮੁਸਾਵੀ ਦੇ ਰਿਕਾਰਡ ਵਿੱਚ ਕਬਜ਼ੇ ਵਾਲੇ ਛੱਪੜ ਦਾ ਵੇਰਵਾ ਬੋਲਦਾ ਹੈ। ਪਿੰਡ ਵਾਸੀਆਂ ਨੇ ਇਸ ਸਬੰਧੀ ਇਨਸਾਫ਼ ਦੀ ਮੰਗ ਕੀਤੀ ਹੈ।
ਜਲਦੀ ਇਨਸਾਫ਼ ਮਿਲੇਗਾ: ਤਹਿਸੀਲਦਾਰ
ਤਹਿਸੀਲਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਰਾਏਕੋਟ ਤਹਿਸੀਲ ਦਾ ਚਾਰਜ ਸੰਭਾਲਿਆ ਹੈ। ਉਹ ਇਸ ਕੇਸ ਨੂੰ ਦੇਖ ਕੇ ਜਲਦੀ ਇਨਸਾਫ ਦਿਵਾਉਣਗੇ।
ਡੀ ਡੀ ਪੀ ਓ ਦਫ਼ਤਰ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਿਆ: ਕਾਬਜ਼ਕਾਰ
ਪਿੰਡ ਵਾਸੀ ਬਲਬੀਰ ਸਿੰਘ ਦੇ ਪੁੱਤਰ ਪ੍ਰਦੀਪ ਸਿੰਘ, ਗੁਰਮੀਤ ਸਿੰਘ ਪੁੱਤਰ ਚਮਕੌਰ ਸਿੰਘ ਨੇ ਕਬਜ਼ਾ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ 2015 ਵਿੱਚ ਹੀ ਡੀ ਡੀ ਪੀ ਓ ਦਫ਼ਤਰ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਪੰਚਾਇਤ ਛੱਪੜ ਦੀ ਨਿਸ਼ਾਨਦੇਹੀ ਕਰਵਾ ਲਏ। ਉਸ ਮੁਤਾਬਿਕ ਥਾਂ ਛੱਡ ਦਿੱਤੀ ਜਾਵੇਗੀ।

