ਪ੍ਰਦੂਸ਼ਣ ਦੀ ਮਾਰ: ਧੂੰਏਂ ਨਾਲ ਘਿਰਿਆ ਲੁਧਿਆਣਾ
ਸ਼ਹਿਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ 169 ਤੋਂ ਪਾਰ; ਲੋਕਾਂ ਨੂੰ ਸਾਹ ਲੈਣਾ ਔਖਾ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪ੍ਰਦੂਸ਼ਣ ਵਧਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ ਅਤੇ ਅੱਜ ਸਵੇਰ ਵੇਲੇ ਸ਼ਹਿਰ ਨੂੰ ਧੂੰਏਂ ਨੇ ਘੇਰੀਂ ਰੱਖਿਆ। ਇਸ ਦੌਰਾਨ ਦਿਸਣ ਹੱਦ ਵੀ ਨਾਮਾਤਰ ਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 169 ਤੋਂ ਪਾਰ ਹੋ ਗਿਆ।
ਇਸ ਪ੍ਰਦੂਸ਼ਿਤ ਹਵਾ ਵਿੱਚ ਬੱਚਿਆਂ, ਬਜ਼ੁਰਗਾਂ ਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੁੱਖ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਵੀ ਆਵਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨਾਂ ਤੋਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਵੇਰੇ-ਸ਼ਾਮ ਧੂੰਏਂ ਕਰ ਕੇ ਧੁੰਦ ਦਾ ਭੁਲੇਖਾ ਪੈਂਦਾ ਹੈ। ਅੱਜ ਸ਼ਨਿਚਰਵਾਰ ਦੀ ਸਵੇਰ ਧੁਆਂਖੀ ਧੁੰਦ ਇੰਨੀ ਸੰਘਣੀ ਸੀ ਕਿ ਸੜਕਾਂ ’ਤੇ ਜਾਂਦੇ ਵਾਹਨ ਚਾਲਕਾਂ ਨੂੰ ਕੁਝ ਮੀਟਰ ਤੱਕ ਦੇਖਣਾ ਵੀ ਮੁਸ਼ਕਲ ਹੋ ਗਿਆ। ਇਸ ਦੌਰਾਨ ਦੋਪਹੀਆ ਵਾਹਨਾਂ ਚਾਲਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਪ੍ਰਦੂਸ਼ਿਤ ਹਵਾ ਨਾਲ ਬੱਚਿਆਂ, ਬਜ਼ੁਰਗਾਂ, ਦਿਲ ਦੇ ਮਰੀਜ਼ਾਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਅੱਜ ਲੁਧਿਆਣਾ ਵਿੱਚ ਏਅਰ ਕੁਆਲਟੀ ਇੰਡੈਕਸ 169 ਤੋਂ ਪਾਰ ਹੋ ਗਿਆ ਜੋ ਕਿ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ। ਮਾਹਿਰਾਂ ਅਨੁਸਾਰ ਏ ਕਿਊ ਆਈ 0 ਤੋਂ 50 ਨੂੰ ਵਧੀਆ ਹਵਾ ਮੰਨਿਆ ਜਾਂਦਾ ਹੈ ਜਦਕਿ 150 ਤੋਂ 200 ਏ ਕਿਊ ਆਈ ਵਾਲੀ ਹਵਾ ਨੂੰ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਸਮਝਿਆ ਜਾਂਦਾ ਹੈ। ਦੂਜੇ ਪਾਸੇ ਡਾ. ਇੰਦਰਜੀਤ ਸੇਠੀ ਨੇ ਲੋਕਾਂ ਨੂੰ ਬਿਨਾਂ ਜ਼ਰੂਰੀ ਕੰਮ ਹੋਣ ’ਤੇ ਘਰਾਂ ਤੋਂ ਬਾਹਰ ਨਾ ਨਿਕਲਣ, ਬਾਹਰ ਜਾਣ ਸਮੇਂ ਪੂਰੇ ਕੱਪੜੇ ਅਤੇ ਮੂੰਹ ’ਤੇ ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ।

