ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜਨਵਰੀ
ਪੰਜਾਬ ਦੀਆਂ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਵੋਟਾਂ ਲੈਣ ਲਈ ਕੋਈ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨੇ ਦੇਣ ਦਾ ਐਲਾਨ ਕਰ ਰਿਹਾ ਹੈ ਤੇ ਕੋਈ ਦੋ ਹਜ਼ਾਰ, ਪਰ ਜ਼ਮੀਨੀ ਹਕੀਕਤ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਖ਼ੁਦ ਔਰਤਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਡਰ ਰਹੀਆਂ ਹਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਨਅਤੀ ਸ਼ਹਿਰ ਦੀਆਂ 14 ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ ਤਿੰਨ ਔਰਤਾਂ ਨੂੰ ਹੀ ਟਿਕਟ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਸੀਟਾਂ ’ਤੇ ‘ਆਪ’ ਨੇ ਤੇ ਇੱਕ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ ਅਤੇ ਅਕਾਲੀ ਦਲ ਨੇ ਵਾਅਦਾ ਕਰ ਦਿੱਤਾ ਕਿ ਜੋ ਨੀਲਾ ਕਾਰਡ ਹੋਲਡਰ ਔਰਤਾਂ ਹੋਣਗੀਆਂ, ਉਨ੍ਹਾਂ ਨੂੰ ਦੋ ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਾਂਗਰਸ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਵੀ 2 ਹਜ਼ਾਰ ਰੁਪਏ ਦੇਣ ਦੀ ਗੱਲ ਕਰ ਦਿੱਤੀ ਸੀ। ਔਰਤਾਂ ਦੀਆਂ ਵੋਟਾਂ ਲੈਣ ਲਈ ਪਾਰਟੀਆਂ ਵੱਡੇ ਵੱਡੇ ਐਲਾਨ ਤਾਂ ਕਰ ਰਹੀਆਂ ਹਨ ਪਰ ਔਰਤਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਡਰ ਰਹੀਆਂ ਹਨ।
ਕਾਂਗਰਸ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ 14 ਹਲਕਿਆਂ ਵਿੱਚੋਂ ਨੌਂ ਹਲਕਿਆਂ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਪਰ ਇਸ ਵਿੱਚੋਂ ਇੱਕ ਵੀ ਔਰਤ ਸ਼ਾਮਲ ਨਹੀਂ ਹੈ। ਭਾਜਪਾ ਨੇ ਵੀ ਜੋ ਪੰਜ ਸੀਟਾਂ ਐਲਾਨੀਆਂ ਹਨ, ਉਨ੍ਹਾਂ ’ਤੇ ਕਿਸੇ ਔਰਤ ਨੂੰ ਟਿਕਟ ਨਹੀਂ ਦਿੱਤੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੀਆਂ 14 ਸੀਟਾਂ ’ਚੋਂ ਸਿਰਫ਼ ਖੰਨਾ ਤੋਂ ਮਹਿਲਾ ਉਮੀਦਵਾਰ ਨੂੰ ਉਤਾਰਿਆ ਹੈ, ਬਾਕੀ ਸਾਰੇ ਉਮੀਦਵਾਰ ਮਰਦ ਹੀ ਹਨ। ਜੇਕਰ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰੀਏ ਤਾਂ ਉਨ੍ਹਾਂ ਵੀ ਸ਼ਹਿਰ ’ਚ ਕਿਸੇ ਔਰਤ ਨੂੰ ਉਮੀਦਵਾਰ ਨਹੀਂ ਬਣਾਇਆ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਵੀ ਕਿਸੇ ਔਰਤ ਨੂੰ ਚੋਣ ਮੈਦਾਨ ’ਚ ਨਹੀਂ ਉਤਾਰਿਆ। ਆਮ ਆਦਮੀ ਪਾਰਟੀ ਦੇ ਵੱਲੋਂ 2 ਔਰਤਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਿਸ ਵਿੱਚ ਜਗਰਾਉਂ ਤੋਂ ਸਰਬਜੀਤ ਕੌਰ ਮਾਣੂੰਕੇ ਤੇ ਲੁਧਿਆਣਾ ਦੱਖਣੀ ਤੋਂ ਰਜਿੰਦਰਪਾਲ ਕੌਰ ਛੀਨਾ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਖੰਨਾ ਵਿੱਚ ਅਕਾਲੀ ਦਲ ਨੇ ਜਸਦੀਪ ਕੌਰ ਨੂੰ ਉਮੀਦਵਾਰ ਐਲਾਨਿਆ ਹੈ।