Political Controversy: ਪਾਠਕ ਦੇ ਅਹੁਦਾ ਸੰਭਾਲਣ ਮੌਕੇ ਸੀਨੀਅਰ ਕੌਂਸਲਰ ਗ਼ੈਰਹਾਜ਼ਰ
ਕੌਂਸਲ ਪ੍ਰਧਾਨ ਦੇ ਅਹੁਦਾ ਸੰਭਾਲਣ ਸਮੇਂ ਕੈਬਨਿਟ ਮੰਤਰੀ ਸੌਂਦ ਹਾਜ਼ਰ
ਨਗਰ ਕੌਂਸਲ ਖੰਨਾ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਉਪਰੰਤ ਜਿਸ ਏਕਤਾ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ’ਤੇ ਹੁਣ ਸਵਾਲ ਖੜ੍ਹੇ ਹੋਣ ਲੱਗੇ ਹਨ। ਨਵੇਂ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ ਨੇ ਭਾਵੇਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਪਰ ਤਾਜਪੋਸ਼ੀ ਸਮਾਗਮ ਦੌਰਾਨ ਪਾਰਟੀ ਦੇ ਤਿੰਨ ਸੀਨੀਅਰ ਕੌਂਸਲਰ ਰਾਜਿੰਦਰ ਸਿੰਘ ਜੀਤ, ਸੁਨੀਲ ਕੁਮਾਰ ਨੀਟਾ ਅਤੇ ਪਰਮਪ੍ਰੀਤ ਸਿੰਘ ਪੌਂਪੀ ਦੀ ਗੈਰਹਾਜ਼ਰੀ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਤਿੰਨੋਂ ਆਗੂ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸਨ ਅਤੇ ਇਨ੍ਹਾਂ ਨੇ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਜਿੱਤ ਲਈ ਦਿਨ ਰਾਤ ਮਿਹਨਤ ਕੀਤੀ ਸੀ। ਇਨ੍ਹਾਂ ਆਗੂਆਂ ਦਾ ਤਾਜਪੋਸ਼ੀ ਸਮਾਗਮ ਤੋਂ ਦੂਰ ਰਹਿਣਾ ਸਿਰਫ਼ ਇਤਫ਼ਾਕ ਹੈ ਜਾਂ ਕੋਈ ਸਿਆਸੀ ਸੰਦੇਸ਼, ਇਸ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਪਾਠਕ ਲਈ ਅਸਲ ਚੁਣੌਤੀ ਆਪਣੀ ਹੀ ਪਾਰਟੀ ਦੇ ਅੰਦਰ ਨਾਰਾਜ਼ ਚੱਲ ਰਹੇ ਕੌਂਸਲਰਾਂ ਨੂੰ ਇੱਕਠਾ ਰੱਖਣਾ ਹੋਵੇਗੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਆਮ ਆਦਮੀ ਪਾਰਟੀ ਅੰਦਰ ਮਤਭੇਦ ਸਾਹਮਣੇ ਆਏ ਹੋਣ। ਇਸ ਤੋਂ ਪਹਿਲਾਂ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਜੋ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਦੀ ਅਗਵਾਈ ਹੇਠ ਹੋਈ ਸੀ, ਉਸ ਵਿੱਚ ਵੀ ਪਾਰਟੀ ਦੇ ਕੁਝ ਕੌਂਸਲਰਾਂ ਨੇ ਖੁੱਲ੍ਹ ਕੇ ਸਵਾਲ ਚੁੱਕੇ ਸਨ। ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਨਗਰ ਕੌਂਸਲ ਦੇ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਮਨਮਰਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਵ ਨਿਯੁਕਤ ਕੌਂਸਲ ਪ੍ਰਧਾਨ ਜਤਿੰਦਰ ਪਾਠਕ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਕੰਮ ਕਰਨਗੇ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ। ਦੂਜੇ ਪਾਸੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਾਰਟੀ ਵਿੱਚ ਪੂਰੀ ਏਕਤਾ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਖੰਨਾ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਸਾਰੇ ਕੌਂਸਲਰ ਇੱਕਜੁਟ ਹਨ ਅਤੇ ਪਾਰਟੀ ਵਿੱਚ ਕਿਸੇ ਕਿਸਮ ਦਾ ਕੋਈ ਮਤਭੇਦ ਨਹੀਂ ਹੈ। ਜਦੋਂ ਗੈਰ-ਹਾਜ਼ਰ ਕੌਂਸਲਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।

