ਜੁਗਾੜੂ ਵਾਹਨਾਂ ਖ਼ਿਲਾਫ਼ ਪੁਲੀਸ ਕਰੇਗੀ ਕਾਰਵਾਈ
ਸੂਬੇ ਵਿੱਚ ਗਲਤ ਤਰੀਕੇ ਦੇ ਨਾਲ ਮੋਡੀਫਾਈਡ ਕੀਤੇ ਵਾਹਨਾਂ ਖ਼ਿਲਾਫ਼ ਹੁਣ ਪੰਜਾਬ ਪੁਲੀਸ ਮੁਹਿੰਮ ਚਲਾ ਕੇ ਕਾਰਵਾਈ ਕਰੇਗੀ। ਇਹ ਹੁਕਮ ਅੱਜ ਲੁਧਿਆਣਾ ਪੁੱਜੇ ਸਪੈਸ਼ਲ ਡੀ ਜੀ ਪੀ (ਟਰੈਫਿਕ) ਏ ਐੱਸ ਰਾਏ ਨੇ ਸੂਬੇ ਦੇ ਐੱਸ ਪੀ ਟਰੈਫਿਕ ਤੇ ਡੀ ਐੱਸ ਪੀ ਟਰੈਫਿਕ ਨਾਲ ਮੀਟਿੰਗ ਕਰਦੇ ਹੋਏ ਦਿੱਤੇ। ਉਨ੍ਹਾਂ ਕਿਹਾ ਕਿ ਵਾਹਨਾਂ ਨੂੰ ਮੋਡੀਫਾਈ ਕਰਕੇ ਲੋਕ ਸ਼ਰੇਆਮ ਸੜਕਾਂ ’ਤੇ ਵਾਹਨ ਚਲਾ ਰਹੇ ਹਨ, ਜਿਨ੍ਹਾਂ ਦੇ ਜ਼ਰੀਏ ਉਹ ਟੈਰਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਵਾਹਨਾਂ ’ਤੇ ਸਾਈਲੈਂਸਰ, ਹਾਈਵੋਲਟੇਜ਼ ਲਾਈਟਾਂ ਅਤੇ ਵੱਡੇ ਵੱਡੇ ਟਾਇਰ ਪਾ ਕੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ। ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਹੁਣ ਪੰਜਾਬ ਪੁਲੀਸ ਸਖ਼ਤ ਕਾਰਵਾਈ ਕਰੇਗੀ। ਡੀ ਜੀ ਪੀ ਏ ਐੱਸ ਰਾਏ ਨੇ ਕਿਹਾ ਕਿ ਕੁਝ ਜ਼ਿਲਿ੍ਹਆਂ ਵਿੱਚ ਟਰੈਫਿਕ ਨਿਯਮਾਂ ਦੀ ਤਸੱਲੀਬਖਸ਼ ਪਾਲਣਾ ਕੀਤੀ ਜਾ ਰਹੀ ਹੈ, ਪਰ ਕੁਝ ਇਲਾਕਿਆਂ ਵਿੱਚ ਮੋਡੀਫਾਈ ਵਾਹਨਾਂ ਵਿਰੁੱਧ ਕਾਰਵਾਈ ਪ੍ਰਭਾਵਸ਼ਾਲੀ ਨਹੀਂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਮੀਟਿੰਗ ਵਿੱਚ ਸਾਰੇ ਅਧਿਕਾਰੀਆਂ ਨੂੰ ਸਾਫ਼ ਹੁਕਮ ਦਿੱਤੇ ਗਏ ਹਨ ਕਿ ਉਹ ਹਰੇਕ ਜ਼ਿਲ੍ਹੇ ਵਿੱਚ ਮੋਡੀਫਾਈ ਵਾਹਨਾਂ ਸਬੰਧੀ ਡੀ ਜੀ ਪੀ ਦਫ਼ਤਰ ਵੱਲੋਂ ਜਾਰੀ ਸਰਕੂਲਰ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਨਾ ਕਰਨ। ਮੋਟਰ ਵਾਹਨ ਐਕਟ ਦੀ ਧਾਰਾ 52 ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਾਹਨ ਮਾਲਕ ਆਪਣੇ ਵਾਹਨ ਨੂੰ ਮੋਡੀਫਾਈ ਨਹੀਂ ਕਰਵਾ ਸਕਦਾ, ਜੋ ਜਾਣਕਾਰੀ ਰਜਿਸਟਰੇਸ਼ਨ ਸਰਟੀਫਿਕੇਟ (ਆਰ ਸੀ) ਵਿੱਚ ਸੂਚੀਬੱਧ ਹਨ, ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਵਿੱਚ ਵਾਧੂ ਲਾਈਟਾਂ, ਸਾਈਲੈਂਸਰ, ਹਾਈਵੋਲਟੇਜ ਲਾਈਟਾਂ, ਵੱਡੇ ਪੱਧਰ ਦੇ ਟਾਇਰ ਅਤੇ ਹੋਰ ਉਪਕਰਨ ਸ਼ਾਮਲ ਕਰਨਾ ਸ਼ਾਮਲ ਹੈ। ਡੀ ਜੀ ਪੀ ਰਾਏ ਨੇ ਸਪੱਸ਼ਟ ਕੀਤਾ ਕਿ ਮੋਟਰ ਇੰਸਪੈਕਟਰ ਦੁਆਰਾ ਪਾਸ ਕੀਤੇ ਗਏ ਵਾਹਨ ਵਿੱਚ ਕੋਈ ਵਾਧੂ ਸੋਧ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਜਿਹੇ ਵਾਹਨ ਨਾ ਸਿਰਫ਼ ਆਵਾਜਾਈ ਦੇ ਪ੍ਰਵਾਹ ਵਿੱਚ ਵਿਘਨ ਪਾਉਂਦੇ ਹਨ ਬਲਕਿ ਅਕਸਰ ਗੰਭੀਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਡੀ ਜੀ ਪੀ ਟਰੈਫਿਕ ਏ ਐੱਸ ਰਾਏ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਪੀਟਰ ਇੰਜਣ ਅਤੇ ਘੜੂੱਕੇ ਵਰਗੇ ਨਾਵਾਂ ਨਾਲ ਜਾਣੇ ਜਾਂਦੇ ਖਤਰਨਾਕ ਤੌਰ ’ਤੇ ਮੋਡੀਫਾਈ ਕੀਤੇ ਹੋਏ ਵਾਹਨ ਵੀ ਚੱਲ ਰਹੇ ਹਨ, ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਮੁਹਿੰਮਾਂ ਪਹਿਲਾਂ ਹੀ ਚਲਾਈਆਂ ਜਾ ਚੁੱਕੀਆਂ ਹਨ। ਇਹ ਮੀਟਿੰਗ ਰਾਜ ਭਰ ਵਿੱਚ ਨਵੇਂ ਸਰਕੂਲਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦਾ ਅਗਲਾ ਕਦਮ ਹੈ, ਡੀ ਜੀ ਪੀ ਰਾਏ ਨੇ ਸਾਰੇ ਅਧਿਕਾਰੀਆਂ ਨੂੰ ਰਾਜ ਦੀ ਟਰੈਫਿਕ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਵਾਹਨਾਂ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਪੂਰਾ ਹੱਲ ਯਕੀਨੀ ਬਣਾਉਣ ਦੀ ਅਪੀਲ ਕੀਤੀ।
