Operation Prahar-3: ਪੁਲੀਸ ਵੱਲੋਂ ਅਪਰਾਧੀਆਂ ਖ਼ਿਲਾਫ਼ ਕਾਰਵਾਈ
ਅਪਰੇਸ਼ਨ ਪ੍ਰਹਾਰ-3 ਤਹਿਤ ਵੱਖ-ਵੱਖ ਥਾਵਾਂ ਤੋਂ 171 ਕਾਬੂ
ਲੁਧਿਆਣਾ ਪੁਲੀਸ ਨੇ ਸੰਗਠਿਤ ਅਪਰਾਧ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਅਪਰੇਸ਼ਨ ਪ੍ਰਹਾਰ-3’ ਚਲਾਇਆ ਗਿਆ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਪੁਲੀਸ ਕਮਿਸ਼ਨਰ ਨੇ ਖ਼ੁਦ ਫੀਲਡ ਵਿੱਚ ਉਤਰ ਕੇ ਨਾਕਿਆਂ ਦੀ ਚੈਕਿੰਗ ਕੀਤੀ ਅਤੇ ਚੱਲ ਰਹੀਆਂ ਛਾਪੇਮਾਰੀਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਅਪਰੇਸ਼ਨ ਦੌਰਾਨ ਪੁਲੀਸ ਟੀਮਾਂ ਨੇ ਵੱਖ-ਵੱਖ ਸ਼ੱਕੀ ਟਿਕਾਣਿਆਂ ’ਤੇ 166 ਛਾਪੇ ਮਾਰੇ। ਇਸ ਕਾਰਵਾਈ ਦੇ ਨਤੀਜੇ ਵਜੋਂ 44 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਅਤੇ ਕੁੱਲ 171 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਵਿੱਚੋਂ 106 ਮੁਲਜ਼ਮਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 62 ਨੂੰ ਅਪਰਾਧ ਰੋਕੂ ਕਾਰਵਾਈ ਤਹਿਤ ਹਿਰਾਸਤ ਵਿੱਚ ਲਿਆ ਗਿਆ ਅਤੇ ਤਿੰਨ ਭਗੌੜੇ ਅਪਰਾਧੀ ਵੀ ਕਾਬੂ ਕੀਤੇ ਗਏ ਹਨ। ਪੁਲੀਸ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਸ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸਾਮਾਨ ਬਰਾਮਦ ਕੀਤਾ ਗਿਆ ਹੈ। ਬਰਾਮਦਗੀ ਵਿੱਚ 102.45 ਗ੍ਰਾਮ ਹੈਰੋਇਨ, 19 ਕਿਲੋ ਗਾਂਜਾ, 135 ਨਸ਼ੀਲੀਆਂ ਗੋਲੀਆਂ, 2 ਗ਼ੈਰ-ਕਾਨੂੰਨੀ ਹਥਿਆਰ, ਦੋ ਕਾਰਤੂਸ, ਨਾਜਾਇਜ਼ ਸ਼ਰਾਬ ਦੀਆਂ 43 ਬੋਤਲਾਂ, ਚੋਰੀ ਦੇ 15 ਮੋਟਰਸਾਈਕਲ, ਤਿੰਨ ਮੋਬਾਈਲ ਫ਼ੋਨ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਲੋਕਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਪਰਾਧੀ ਅਨਸਰਾਂ ਨੂੰ ਸ਼ਹਿਰ ਵਿੱਚ ਕੋਈ ਪਨਾਹ ਨਾ ਮਿਲੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈਆਂ ਜਾਰੀ ਰਹਿਣਗੀਆਂ।
