ਪੁਲੀਸ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜਨਤਕ ਥਾਵਾਂ ’ਤੇ ਸੁਰੱਖਿਆ ਵਿਵਸਥਾ ਬਣਾਏ ਰੱਖਣ ਲਈ ਸੋਮਵਾਰ ਨੂੰ ਇੱਕ ਵਾਰ ਫਿਰ ਸਕੂਲਾਂ ਦੇ ਬਾਹਰ ਵਿਸ਼ੇਸ਼ ਨਾਕਾਬੰਦੀ ਕੀਤੀ। ਏ ਡੀ ਸੀ ਪੀ ਟਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਦੀ ਅਗਵਾਈ ਵਿੱਚ ਪੁਲੀਸ ਨੇ ਕਿਚਲੂ ਨਗਰ ਦੇ ਬੀ ਵੀ ਐੱਮ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਇਹ ਨਾਕਾਬੰਦੀ ਕੀਤੀ। ਇਸ ਮੁਹਿੰਮ ਦੌਰਾਨ ਟਰੈਫਿਕ ਪੁਲੀਸ ਦੀਆਂ ਟੀਮਾਂ ਵੀ ਮੌਜੂਦ ਸਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ। ਸਕੂਲ ਵਿੱਚ ਛੁੱਟੀ ਸਮੇਂ ਮੋਟਰਸਾਈਕਲ ਲੈ ਕੇ ਬਿਨਾਂ ਕੰਮ ਤੋਂ ਘੁੰਮਣ ਵਾਲੇ ਨੌਜਵਾਨਾਂ ਨੂੰ ਵੀ ਪੁਲੀਸ ਨੇ ਸਖ਼ਤ ਚੇਤਾਵਨੀ ਦਿੱਤੀ। ਪੁਲੀਸ ਨੇ ਕੁੱਲ 43 ਵਾਹਨਾਂ ਦੇ ਚਲਾਨ ਕੀਤੇ ਅਤੇ ਦੋ ਵਾਹਨ ਜ਼ਬਤ ਕੀਤੇ। ਇਸ ਦੌਰਾਨ ਜ਼ਿਆਦਾ ਆਵਾਜ਼ ਵਾਲੇ ਸਾਇਲੈਂਸਰ ਲੱਗੇ ਬੁਲੇਟ ਮੋਟਰਸਾਈਕਲ ਜ਼ਬਤ ਕੀਤੇ ਗਏ। ਸਕੂਲ ਦੇ ਬਾਹਰ ਗੱਡੀਆਂ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨੌਜਵਾਨਾਂ ਨੂੰ ਕੋਈ ਨਸ਼ੀਲਾ ਜਾਂ ਗ਼ੈਰ-ਕਾਨੂੰਨੀ ਸਾਮਾਨ ਨਾ ਮਿਲੇ।
ਪੁਲੀਸ ਨੇ ਜਨਤਾ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਪ੍ਰੇਸ਼ਾਨੀ ਦੀ ਰਿਪੋਰਟ ਹੈਲਪਲਾਈਨ ਨੰਬਰਾਂ ’ਤੇ ਕਰਨ ਦੀ ਅਪੀਲ ਕੀਤੀ ਹੈ। ਏ ਡੀ ਸੀ ਪੀ ਨੇ ਕਿਹਾ ਕਿ ਅੱਜ ਦੀ ਕਾਰਵਾਈ ਦੌਰਾਨ 43 ਚਲਾਨ ਕੱਟੇ ਗਏ ਅਤੇ ਦੋ ਵਾਹਨ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹੋਰ ਵਿਦਿਅਕ ਅਦਾਰਿਆਂ ਦੇ ਆਲੇ-ਦੁਆਲੇ ਅਜਿਹੀਆਂ ਅਚਨਚੇਤ ਜਾਂਚ ਜਾਰੀ ਰਹੇਗੀ।
ਬੱਚਿਆਂ ਦੀ ਸੁਰੱਖਿਆ ਲਈ ਮਾਪੇ ਅੱਗੇ ਆਉਣ: ਏ ਡੀ ਸੀ ਪੀ
ਏ ਡੀ ਸੀ ਪੀ ਟਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਨੇ ਕਿਹਾ ਕਿ ਲੁਧਿਆਣਾ ਪੁਲੀਸ ਦਾ ਟੀਚਾ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਵਾਤਾਵਰਨ ਸਿਰਜਣਾ ਹੈ। ਇਸ ਦੌਰਾਨ ਏ ਡੀ ਸੀ ਪੀ ਨੇ ਕਿਹਾ ਕਿ ਕੋਈ ਵੀ ਅੰਡਰਏਜ਼ ਬੱਚਾ ਵਾਹਨ ਲੈ ਕੇ ਨਾ ਆਵੇ ਜੇ ਉਹ ਅਜਿਹਾ ਕਰਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਵੀ ਅੱਗੇ ਆਉਣਾ ਪਵੇਗਾ। ਆਪਣੇ ਬੱਚੇ ਦੀ ਸੁਰੱਖਿਆ ਕਰਨਾ ਪਹਿਲਾਂ ਫਰਜ਼ ਮਾਂ ਪਿਉ ਦਾ ਹੈ। ਉਹ ਅੰਡਰਏਜ਼ ਬੱਚਿਆਂ ਨੂੰ ਵਾਹਨ ਦੇ ਕੇ ਸਕੂਲ ਨਾ ਭੇਜਣ। ਨਾਲ ਹੀ ਖ਼ਿਆਲ ਰੱਖਿਆ ਜਾਵੇ ਕਿ ਜਿਨ੍ਹਾਂ ਬੱਚਿਆਂ ਕੋਲ ਲਾਇਸੈਂਸ ਹੈ, ਉਹ ਆਪਣੇ ਵਾਹਨ ਮੋਡੀਫਾਈਡ ਨਾ ਕਰਵਾਉਣ। ਜੇ ਅਜਿਹਾ ਕਰਦਾ ਹੋਇਆ ਕੋਈ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ। ਪੁਲੀਸ ਨੇ ਕਿਸੇ ਦੀ ਸਿਫ਼ਾਰਸ਼ ਨਹੀਂ ਮੰਨਣੀ।

