ਮਾਲਖਾਨੇ ’ਚੋਂ ਮੋਟਰਸਾਈਕਲ ਵੇਚਣ ਦੇ ਦੋਸ਼ ਹੇਠ ਥਾਣੇਦਾਰ ਗ੍ਰਿਫਤਾਰ
ਪੁਰਾਣੇ ਥਾਣੇ ਦੇ ਮਾਲਖਾਨੇ ਵਿੱਚੋਂ 28 ਦੇ ਕਰੀਬ ਸਕੂਟਰ ਮੋਟਰਸਾਈਕਲ ਵੇਚੇ; ਥਾਣੇਦਾਰ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ
ਪੁਲੀਸ ਵੱਲੋਂ ਦਰਜ ਵੱਖ-ਵੱਖ ਕੇਸਾਂ ਵਿੱਚ ਜ਼ਬਤ ਕੀਤੇ ਦੋਪਹੀਆ ਵਾਹਨ ਕਬਾੜੀਏ ਨੂੰ ਵੇਚਣ ਵਾਲੇ ਥਾਣਾ ਸ਼ਹਿਰੀ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੂੰ ਉਸ ਦੇ ਹੀ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਦੀਆਂ ਹਦਾਇਤਾਂ ’ਤੇ ਸਹਾਇਕ ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸ਼ਹਿਰੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਡਿਸਪੋਜ਼ਲ ਰੋਡ ’ਤੇ ਸਥਿਤ ਡਾਕਟਰ ਗਾਲਿਬ ਵਾਲੀ ਵਿੱਚ ਮਨੀ ਕਬਾੜੀਆ ਦੀ ਦੁਕਾਨ ਨੂੰ ਦੋ ਸਕੇ ਭਰਾ ਰਮਨਦੀਪ ਸਿੰਘ ਅਤੇ ਰਣਜੀਤ ਸਿੰਘ ਚਲਾਉਂਦੇ ਹਨ। ਉਹ ਦੋਵੇਂ ਚੋਰੀ ਦੇ ਮੋਟਰਸਾਈਕਲ ਸਕੂਟਰ ਖ਼ਰੀਦਦੇ ਹਨ ਅਤੇ ਉਨ੍ਹਾਂ ਦੇ ਪਾਰਟਸ ਵੱਖ-ਵੱਖ ਕਰ ਕੇ ਵੇਚਦੇ ਹਨ। ਉਨ੍ਹਾਂ ਦੀ ਦੁਕਾਨ ਵਿੱਚ ਚੋਰੀਸ਼ੁਦਾ ਮੋਟਰਸਾਈਕਲ ਮੌਜੂਦ ਹਨ।
ਪੁਲੀਸ ਨੇ ਛਾਪਾ ਮਾਰ ਕੇ ਦੁਕਾਨ ਵਿੱਚੋਂ 12 ਦੇ ਕਰੀਬ ਮੋਟਰਸਾਈਕਲ, ਸਕੂਟਰੀਆਂ ਦੇ ਹਿੱਸੇ ਬਰਾਮਦ ਕੀਤੇ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛ-ਪੜਤਾਲ ਆਰੰਭੀ। ਮੁਲਜ਼ਮਾਂ ਨੇ ਹੈਰਾਨੀਜਨਕ ਖੁਲਾਸੇ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਪੁਰਾਣੇ ਥਾਣੇ ਵਿੱਚ ਖੜ੍ਹੇ ਸਕੂਟਰ ਮੋਟਰਸਾਈਕਲ ਸਹਾਇਕ ਸਬ-ਇੰਸਪੈਕਟਰ ਮਨਜਿੰਦਰ ਸਿੰਘ ਅਤੇ ਇੱਕ ਦਲਾਲ ਬਲਵਿੰਦਰ ਸਿੰਘ ਉਰਫ ਬੱਗੜ੍ਹ ਜੋ ਕਿ ਬਾਜ਼ਾਰ ਵਿੱਚ ਡੀ ਜੇ ਦੀ ਦੁਕਾਨ ਕਰਦਾ ਹੈ। ਉਹ ਮਾਲਖਾਨੇ ’ਚੋਂ ਮੋਟਰਸਾਈਕਲ ਅਤੇ ਸਕੂਟਰ ਚੋਰੀ ਕਰ ਕੇ ਉਨ੍ਹਾਂ ਨੂੰ ਵੇਚਦੇ ਹਨ। ਸਬੂਤਾਂ ਨਾਲ ਮਿਲੀ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਸਹਾਇਕ ਸਬ-ਇੰਸਪੈਕਟਰ ਮਨਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਬੱਗੜ੍ਹ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਚਾਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਮਨਜਿੰਦਰ ਸਿੰਘ ਲੰਮੇ ਸਮੇਂ ਤੋਂ ਥਾਣੇ ਵਿੱਚ ਤਾਇਨਾਤ ਹੈ। ਪੁਰਾਣੇ ਥਾਣੇ ਦੀ ਜਗ੍ਹਾ ਵਿੱਚ ਹੁਣ ਮਹਿਲਾ ਥਾਣਾ ਚੱਲਦਾ ਹੈ। ਉਹ ਸਾਰੇ ਮਾਲਖਾਨੇ ਦਾ ਭੇਤੀ ਸੀ। ਮੁੱਢਲੀ ਪੁੱਛ-ਗਿੱਛ’ਚ ਮਨਜਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ 28 ਦੇ ਕਰੀਬ ਸਕੂਟਰ ਮੋਟਰਸਾਈਕਲ ਕਬਾੜੀਆਂ ਨੇ ਵੇਚੇ ਹਨ।

