ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਮਈ
ਇੱਥੋਂ ਦੇ ਨੇੜਲੇ ਪਿੰਡ ਗਾਲਬਿ ਕਲਾਂ ਦੇ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਪੁਲੀਸ ਚੌਕੀ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਧਰਨੇ ’ਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਾਮਲ ਹੋਏ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਧਰਨਾਕਾਰੀਆਂ ’ਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਚਿੱਟੇ ਦੀਆਂ ਸਰਿੰਜਾਂ ਭਰ ਕੇ ਲਾਉਂਦੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਤੋਂ ਬਾਅਦ ਚਿੱਟਾ ਲਿਆਉਣ ਵਾਲਿਆਂ ਦੇ ਘਰ ਛਾਪਾ ਮਾਰਨ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਖਫ਼ਾ ਹੋਏ ਪਿੰਡ ਵਾਸੀ ਪੁਲੀਸ ਚੌਕੀ ਗਾਲਬਿ ਕਲਾਂ ਅੱਗੇ ਧਰਨਾ ਲਾ ਕੇ ਬੈਠ ਗਏ। ਪੰਚਾਇਤ ਤੇ ਨੌਜਵਾਨ ਸਭਾ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ‘ਪੁਲੀਸ ਪ੍ਰਸ਼ਾਸਨ ਮੁਰਦਬਾਦ’ ਅਤੇ ‘ਚਿੱਟਾ ਵੇਚਣ ਵਾਲਿਆਂ ’ਤੇ ਪਰਚਾ ਦਰਜ ਕਰੋ’ ਦੇ ਨਾਅਰੇ ਬੁਲੰਦ ਕੀਤੇ। ਉਨ੍ਹਾਂ ਪੁਲੀਸ ’ਤੇ ਗੰਭੀਰ ਦੋਸ਼ ਵੀ ਲਾਏ।
ਔਰਤਾਂ ਨੇ ਕਿਹਾ ਕਿ ਪੁਲੀਸ ਦੀ ਸ਼ਹਿ ਤੋਂ ਬਿਨਾਂ ਨਸ਼ਿਆਂ ਦੀ ਵਿੱਕਰੀ ਸੰਭਵ ਨਹੀਂ ਹੈ। ਇਕ ਪਾਸੇ ‘ਚਿੱਟਾ’ ਲੋਕਾਂ ਦੇ ਜਵਾਨ ਪੁੱਤ ਖੋਹ ਰਿਹਾ ਹੈ ਤੇ ਦੂਜੇ ਪਾਸੇ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਕਿੱਧਰੇ ਸੁਣਵਾਈ ਨਾ ਹੋਣ ਕਰਕੇ ਹੀ ਉਨ੍ਹਾਂ ਨੂੰ ਧਰਨੇ ਵਾਲਾ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਲੀਸ ਵਾਲਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਨਸ਼ਿਆਂ ’ਚ ਸ਼ਾਮਲ ਹੋਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਥਾਣਾ ਸਦਰ ਦੇ ਮੁਖੀ ਐੱਸਆਈ ਹਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ’ਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਹੀ ਨਸ਼ਾ ਵੇਚਣ ਵਾਲੇ 16 ਜਣਿਆਂ ਦੇ ਨਾਂਵਾਂ ਵਾਲੀ ਇਕ ਸੂਚੀ ਬਣਾ ਕੇ ਕਾਰਵਾਈ ਮੰਗੀ। ਧਰਨਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਨੂੰ ਇਕ ਹਫ਼ਤੇ ਅੰਦਰ ‘ਚਿੱਟੇ’ ਦਾ ਕਾਲਾ ਧੰਦਾ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਅਤੇ ਕਾਰਵਾਈ ਨਾ ਹੋਣ ’ਤੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਧਰਨੇ ਨੂੰ ‘ਆਪ’ ਆਗੂ ਗੁਰਚਰਨ ਸਿੰਘ ਨਿੱਕਾ, ਅਕਾਲੀ ਆਗੂ ਮਨਦੀਪ ਸਿੰਘ ਬਿੱਟੂ, ਸਰਪੰਚ ਸਿਕੰਦਰ ਸਿੰਘ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।