ਚੰਡੀਗੜ੍ਹ ਤੇ ਮੁਹਾਲੀ ਦੇ ਕਾਰੋਬਾਰੀਆਂ ’ਤੇ ਫਾਇਰਿੰਗ ਦੀ ਸਾਜ਼ਿਸ਼ ਨਾਕਾਮ; ਲੁਧਿਆਣਾ ਪੁਲੀਸ ਵੱਲੋਂ ਵਿਦੇਸ਼ੀ ਗੈਂਗਸਟਰ ਦੇ 2 ਸ਼ੂਟਰ ਕਾਬੂ
ਪਾਕਿਸਤਾਨ ਤੋਂ ਤਸਕਰ ਕੀਤੀ ‘ਗਲਾਕ ਪਿਸਤੌਲ’ ਤੇ 20 ਕਾਰਤੂਸ ਬਰਾਮਦ; ਫਿਰੌਤੀ ਲਈ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਸੀ ਯੋਜਨਾ
ਲੁਧਿਆਣਾ ਕਮਿਸ਼ਨਰੇਟ ਪੁਲੀਸ ਨੇ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਦੇ ਦੋ ਨਜ਼ਦੀਕੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੇ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਚੰਡੀਗੜ੍ਹ ਅਤੇ ਮੁਹਾਲੀ ਦੇ ਮੰਨੇ-ਪ੍ਰਮੰਨੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਵਸੂਲਣ ਦੀ ਖ਼ਤਰਨਾਕ ਯੋਜਨਾ ਦਾ ਖ਼ੁਲਾਸਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਧੇ ਸ਼ਿਆਮ ਅਤੇ ਰਾਹੁਲ ਕੁਮਾਰ ਵਜੋਂ ਹੋਈ ਹੈ, ਜੋ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਰਾਵਲਾ ਮੰਡੀ ਇਲਾਕੇ ਦੇ ਰਹਿਣ ਵਾਲੇ ਹਨ। ਐਡੀਸ਼ਨਲ ਡੀਸੀਪੀ (ਕਰਾਈਮ) ਰੁਪਿੰਦਰ ਭੱਟੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ (ਸਪੇਨ) ਵਿੱਚ ਬੈਠੇ ਆਪਣੇ ਹੈਂਡਲਰ/ਗੈਂਗਸਟਰ ਹਰਮਨ ਸੰਧੂ ਦੇ ਲਗਾਤਾਰ ਸੰਪਰਕ ਵਿੱਚ ਸਨ। ਸੰਧੂ ਦੇ ਨਿਰਦੇਸ਼ਾਂ ’ਤੇ ਚੱਲਦਿਆਂ ਉਨ੍ਹਾਂ ਨੇ ਚੰਡੀਗੜ੍ਹ ਅਤੇ ਮੁਹਾਲੀ ਦੇ ਵੱਡੇ ਵਪਾਰੀਆਂ ਦੇ ਘਰਾਂ ਤੇ ਦਫ਼ਤਰਾਂ ’ਚ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਉਣ ਅਤੇ ਫਿਰੌਤੀ ਵਸੂਲਣ ਦੀ ਯੋਜਨਾ ਬਣਾਈ ਸੀ। ਏਡੀਸੀਪੀ ਭੱਟੀ ਅਨੁਸਾਰ ਸੀਆਈਏ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ’ਤੇ ਸਿੰਜਾਈ ਵਿਭਾਗ ਦੀ ਖ਼ਾਲੀ ਜ਼ਮੀਨ ਨੇੜਿਓਂ ਦੋਵਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਆਪਣੇ ਹੋਰ ਸਾਥੀਆਂ ਦੀ ਉਡੀਕ ਕਰ ਰਹੇ ਸਨ।
ਦੋਵਾਂ ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ। ਰਾਧੇ ਸ਼ਿਆਮ ਖ਼ਿਲਾਫ਼ ਰਾਵਲਾ ਮੰਡੀ ਅਤੇ ਅਨੂਪਗੜ੍ਹ ਵਿੱਚ 5 ਮਾਮਲੇ ਅਤੇ ਰਾਹੁਲ ਖ਼ਿਲਾਫ਼ 1 ਮਾਮਲਾ ਦਰਜ ਹੈ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਵਿੱਚ 3 ਅਕਤੂਬਰ ਨੂੰ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 111(1), 308(4) ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਤੋਂ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁਲੀਸ ਸੂਤਰਾਂ ਅਨੁਸਾਰ ਸਪੇਨ ’ਚ ਬੈਠੇ ਗੈਂਗਸਟਰ ਹਰਮਨ ਸੰਧੂ ਨੇ ਆਪਣੇ ਹੋਰ ਸਾਥੀਆਂ ਰਾਹੀਂ ਅੰਮ੍ਰਿਤਸਰ ਤੋਂ ਇੱਕ Glock ਪਿਸਤੌਲ ਅਤੇ 20 ਕਾਰਤੂਸ ਚੁੱਕਵਾਏ ਸਨ, ਜੋ ਪਾਕਿਸਤਾਨ ਤੋਂ ਡਰੋਨ/ਤਸਕਰੀ ਰਾਹੀਂ ਭੇਜੇ ਗਏ ਸਨ। ਇਸ ਤੋਂ ਬਾਅਦ ਇਨ੍ਹਾਂ ਹਥਿਆਰਾਂ ਨੂੰ ਨਕੋਦਰ ਵਿਖੇ ਇੱਕ ਸਾਈਨ ਬੋਰਡ ਦੇ ਹੇਠਾਂ ਛੁਪਾ ਕੇ ਰੱਖਿਆ ਗਿਆ, ਜਿੱਥੋਂ ਇਨ੍ਹਾਂ ਦੋਵਾਂ ਸ਼ੂਟਰਾਂ ਨੇ ਅਗਲੇ ਦਿਨ ਹਥਿਆਰ ਚੁੱਕੇ।
ਸੰਧੂ ਵੱਲੋਂ ਮੁਲਜ਼ਮਾਂ ਨੂੰ ਪੈਟਰੋਲ, ਰਹਿਣ-ਸਹਿਣ ਤੇ ਹੋਰ ਖ਼ਰਚਿਆਂ ਲਈ ਗੁਪਤ ਠਿਕਾਣਿਆਂ ’ਤੇ ਪੈਸੇ ਮੁਹੱਈਆ ਕਰਵਾਏ ਜਾਂਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰੇਕ ਸ਼ੂਟਰ ਨੂੰ 40,000 ਤੋਂ 50,000 ਰੁਪਏ ਦਿੱਤੇ ਜਾਣੇ ਸਨ, ਪਰ ਉਹ ਵਾਰਦਾਤ ਤੋਂ ਪਹਿਲਾਂ ਹੀ ਧਰੇ ਗਏ।ਏਡੀਸੀਪੀ ਭੱਟੀ ਨੇ ਦੱਸਿਆ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਚੰਡੀਗੜ੍ਹ ਤੇ ਮੁਹਾਲੀ ਵਿੱਚ ਫਾਇਰਿੰਗ ਅਤੇ ਫਿਰੌਤੀ ਦੀ ਵੱਡੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਪੁਲੀਸ ਹੁਣ ਉਨ੍ਹਾਂ ਕਾਰੋਬਾਰੀਆਂ ਦੀ ਸੂਚੀ ਤਿਆਰ ਕਰ ਰਹੀ ਹੈ ਜੋ ਗੈਂਗ ਦੇ ਨਿਸ਼ਾਨੇ ’ਤੇ ਸਨ, ਤਾਂ ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਸੁਰੱਖਿਆ ਕਾਰਨਾਂ ਕਰਕੇ ਕਾਰੋਬਾਰੀਆਂ ਦੇ ਨਾਂ ਨਸ਼ਰ ਨਹੀਂ ਕੀਤੇ ਗਏ ਹਨ, ਪਰ ਉਨ੍ਹਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲੀਸ ਮੁਤਾਬਕ ਗੈਂਗ ਦੇ ਬਾਕੀ ਮੈਂਬਰਾਂ ਦੀ ਭਾਲ ਵੀ ਜਾਰੀ ਹੈ।

