DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨੀ ਲੁੱਟ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਅਹਿਦ

ਭਾਰਤੀ ਕਿਸਾਨ ਯੂਨੀਅਨ ਦੀਅਾਂ ਜਾਗਰੂਕਤਾ ਮੀਟਿੰਗਾਂ ਵਿੱਚ ਬੀਬੀਆਂ ਵੀ ਸ਼ਾਮਲ ਹੋਈਆਂ

  • fb
  • twitter
  • whatsapp
  • whatsapp
featured-img featured-img
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਇਕੱਤਰਤਾ ਵਿੱਚ ਸ਼ਾਮਲ ਕਿਸਾਨ। -ਫੋਟੋ: ਸ਼ੇਤਰਾ
Advertisement

ਨਜ਼ਦੀਕੀ ਪਿੰਡ ਗੁਰੂਸਰ ਕਾਉਂਕੇ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਵਧਵੀਂ ਸਿੱਖਿਆ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕਿਸਾਨ ਲਹਿਰ ਤੋਂ ਹੁਣ ਤਕ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੈਂਕੜੇ ਕਿਸਾਨਾਂ ਅਤੇ ਬੀਬੀਆਂ ਦੀ ਸ਼ਮੂਲੀਅਤ ਵਾਲੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਅੰਗਰੇਜ਼ ਸਿੰਘ ਭਦੌੜ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤਾਂ ਅਤੇ ਕਾਰਖਾਨਿਆਂ ਵਿੱਚ ਪੈਦਾਵਾਰ ਕਰਨ ਵਾਲਿਆਂ ਦੀ ਵਿਹਲੜ ਕਾਰਪੋਰੇਟਾਂ ਵਲੋਂ ਲੁੱਟ ਲੰਬੇ ਸਮੇਂ ਤੋਂ ਜਾਰੀ ਹੈ ਅਤੇ ਸਾਲ ਦਰ ਸਾਲ ਇਸ ਲੁੱਟ ਵਿੱਚ ਵਾਧਾ ਹੋ ਰਿਹਾ ਹੈ। ਭਾਰਤ ਦੇ ਕਿਸਾਨਾਂ ਮਜ਼ਦੂਰਾਂ ਸਿਰ ਜਿੰਨਾ ਕੁੱਲ ਕਰਜ਼ਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਠੱਗੀ ਫ਼ਸਲਾਂ ਦੇ ਘੱਟ ਭਾਅ ਦੇ ਕੇ ਕਿਸਾਨਾਂ ਨਾਲ ਮਾਰੀ ਗਈ ਹੈ। ਆਗੂਆਂ ਨੇ ਇਸ ਲੁੱਟ ਤੋਂ ਨਿਜਾਤ ਪਾਉਣ ਅਤੇ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਜਥੇਬੰਦਕ ਸੰਘਰਸ਼ਾਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਤਿਹਾਸਿਕ ਉਦਾਹਰਣਾਂ ਰਾਹੀਂ ਦੱਸਿਆ ਕਿ ਜਦੋਂ ਵੀ ਲੋਕ ਇਕੱਠੇ ਹੋਏ ਹਨ ਤਾਂ ਜਾਬਰਾਂ ਦੇ ਮੂੰਹ ਮੋੜੇ ਹਨ। ਹੁਣ ਵੀ ਮੁਕਤ ਵਪਾਰ ਸਮਝੌਤਾ ਕਰਕੇ ਕਿਸਾਨੀ ਨੂੰ ਖੁੰਗਲ ਕਰਨ ਦੀ ਕਵਾਇਦ ਤੇਜ਼ ਕੀਤੀ ਜਾ ਰਹੀ ਹੈ। ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਵੀ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕਰਨ ਲਈ ਹੀ ਲਿਆਂਦੇ ਗਏ ਹਨ। ਮਜ਼ਦੂਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਜਿਹੜੇ ਨਿਗੂਣੇ ਕਾਨੂੰਨ ਬਣੇ ਸਨ ਉਹ ਰੱਦ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ ਅਤੇ ਮਗਨਰੇਗਾ ਰਾਹੀਂ ਮਿਲਦੀ ਦਿਹਾੜੀ ਵੀ ਖੋਹ ਲਈ ਗਈ ਹੈ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਅਧੀਨ ਸਾਰੇ ਭਾਰਤ ਵਿੱਚ ਸਾਮਰਾਜ ਦੇ ਇਨ੍ਹਾਂ ਹੱਲਿਆਂ ਖ਼ਿਲਾਫ਼ ਸੰਘਰਸ਼ ਤੇਜ਼ ਕੀਤੇ ਜਾ ਰਹੇ ਹਨ। ਅਮਨਦੀਪ ਸਿੰਘ ਲਲਤੋਂ ਨੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।

Advertisement
Advertisement
×