ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਵੱਲੋਂ ਪਲਾਸਟਿਕ ਦੀ ਵਿਕਰੀ ਸਬੰਧੀ ਜਾਰੀ ਕੀਤੇ ਪੱਤਰਾਂ ਦਾ ਹਵਾਲਾ ਦਿੰਦਿਆਂ ਪ੍ਰਸ਼ਾਸਨ ਵੱਲੋਂ ਪਹਿਲੀ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਪੂਰੀ ਤਰ੍ਹਾਂ ਲਾਈ ਪਾਬੰਦੀ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਅੱਜ ਵੀ ਸ਼ਹਿਰ ਵਿੱਚ ਲੋਕ ਪਲਾਸਟਿਕ ਦੇ ਲਿਫਾਫੇ ਪਹਿਲਾਂ ਦੀ ਤਰ੍ਹਾਂ ਲਈ ਜਾਂਦੇ ਆਮ ਦੇਖੇ ਗਏ।
ਡਿਪਟੀ ਕਮਿਸ਼ਨਰ ਲੁਧਿਆਣਾ ਨੇ 29 ਜੂਨ ਨੂੰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਿੰਗਲ ਯੂਜ਼ ਪਲਾਸਟਿਕ ਦੀ ਪਹਿਲੀ ਜੁਲਾਈ ਤੋਂ ਵਿਕਰੀ, ਨਿਰਮਾਣ ਅਤੇ ਵੰਡ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਬਾਰੇ ਜਾਣੂ ਕਰਵਾਇਆ ਸੀ। ਇਸ ਲਈ ਸਾਰੇ ਅਧਿਕਾਰੀਆਂ ਤੋਂ ਸਹਿਯੋਗ ਵੀ ਮੰਗਿਆ ਗਿਆ ਸੀ। ਪਰ ਉਸ ਸਮੇਂ ਹੈਰਾਨੀ ਹੋਈ ਜਦੋਂ ਅੱਜ ਪਹਿਲੀ ਜੁਲਾਈ ਵਾਲੇ ਦਿਨ ਰੇਹੜ੍ਹੀਆਂ ਵਾਲੇ ਅਤੇ ਆਮ ਲੋਕ ਪਲਾਸਟਿਕ ਦੇ ਲਿਫਾਫੇ ਪਹਿਲਾਂ ਦੀ ਤਰ੍ਹਾਂ ਚੁੱਕੀ ਸੜਕਾਂ ’ਤੇ ਘੁੰਮ ਰਹੇ ਸਨ। ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ ’ਤੇ ਹੋਰ ਵੀ ਕਈ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਨ ਜਥੇਬੰਦੀਆਂ ਵੱਲੋਂ ਵੀ ਸਮੇਂ ਸਮੇਂ ’ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦਾ ਤਰਕ ਹੈ ਕਿ ਸਿੰਗਲ ਯੂਜ਼ ਪਲਾਸਟਿਕ ਇੱਕ ਵਾਰ ਵਰਤਣ ਤੋਂ ਬਾਅਦ ਸੜਕਾਂ, ਗਲੀਆਂ ਅਤੇ ਕੂੜੇ ਦੇ ਢੇਰਾਂ ’ਤੇ ਸੁੱਟ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਜਾਨਵਰਾਂ ਦੇ ਨਿਗਲਣ ਨਾਲ ਉਨ੍ਹਾਂ ਦੀਆਂ ਜਾਨ ਵੀ ਚਲੀ ਜਾਂਦੀ ਹੈ। ਸੀਵਰਜ ਵਿੱਚ ਪਾਣੀ ਜਮ੍ਹਾਂ ਹੋਣ ਦਾ ਵੱਡਾ ਕਾਰਨ ਪਲਾਸਟਿਕ ਹੀ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਪਲਾਸਟਿਕ ਸਟਿੱਕਸ, ਸਜਾਵਟ ਲਈ ਪੋਲੀਸਟਾਈਰੀਨ (ਥਰਮੋਕੋਲ), ਪੈਕੇਜਿੰਗ/ਰੈਪਿੰਗ ਫਿਲਮਾਂ, 100 ਮਾਈਕਰੋਨ ਤੋਂ ਘੱਟ ਪੀਵੀਸੀ ਬੈਨਰ ਅਤੇ ਹੋਰ ਅਜਿਹੀਆਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ।