ਸ਼ਹਿਰ ’ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ
ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੇ ਸ਼ਹਿਰ ਦੇ ਹਾਲਾਤ ਬੇਹਾਲ ਕਰ ਦਿੱਤੇ ਹਨ। ਮੁੱਖ ਮਾਰਗਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਹਰ ਪਾਸੇ ਕੂੜਾ ਖਿੱਲਰਿਆ ਹੈ। ਥਾਂ-ਥਾਂ ਕੂੜੇ ਦੇ ਪਹਾੜ ਬਣ ਰਹੇ ਹਨ। ਹਾਲ ਹੀ ਵਿੱਚ ਹੋਈਆਂ ਮੀਂਹ ਤੋਂ...
ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੇ ਸ਼ਹਿਰ ਦੇ ਹਾਲਾਤ ਬੇਹਾਲ ਕਰ ਦਿੱਤੇ ਹਨ। ਮੁੱਖ ਮਾਰਗਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਹਰ ਪਾਸੇ ਕੂੜਾ ਖਿੱਲਰਿਆ ਹੈ। ਥਾਂ-ਥਾਂ ਕੂੜੇ ਦੇ ਪਹਾੜ ਬਣ ਰਹੇ ਹਨ। ਹਾਲ ਹੀ ਵਿੱਚ ਹੋਈਆਂ ਮੀਂਹ ਤੋਂ ਬਾਅਦ ਖੜ੍ਹੇ ਪਾਣੀ ਅਤੇ ਖਿੱਲਰੇ ਕੂੜੇ ਨੇ ਸਥਿਤੀ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ, ਜਿਸ ਕਾਰਨ ਰਾਹਗੀਰਾਂ ਲਈ ਸੜਕਾਂ ’ਤੇ ਲੰਘਣਾ ਦੁਸ਼ਵਾਰ ਹੋ ਗਿਆ ਹੈ।
ਭਾਵੇਂ ਉਹ ਜਵਾਹਰ ਨਗਰ ਕੈਂਪ ਇਲਾਕਾ ਹੋਵੇ ਜਾਂ ਫਿਰ ਬੀ ਆਰ ਐੱਸ ਨਗਰ ਜੇ-ਬਲਾਕ ਦਾ ਵੀ ਆਈ ਪੀ ਖੇਤਰ, ਹਰ ਕੋਈ ਇਸ ਕੂੜੇ ਨੂੰ ਨਾ ਚੁੱਕਣ ਦਾ ਖ਼ਾਮਿਆਜ਼ਾ ਭੁਗਤ ਰਿਹਾ ਹੈ। ਬੀ ਆਰ ਐੱਸ ਨਗਰ ਦੀ ਮੁੱਖ ਸੜਕ ’ਤੇ ਲਗਭਗ ਅੱਧਾ ਕਿਲੋਮੀਟਰ ਦੇ ਘੇਰੇ ਵਿੱਚ ਕੂੜਾ ਹੀ ਕੂੜਾ ਹੈ। ਦੂਜੇ ਪਾਸੇ ਜਵਾਹਰ ਨਗਰ ਕੈਂਪ ਦੀ ਇੱਕ ਪਾਸੇ ਦੀ ਪੂਰੀ ਸੜਕ ਕੂੜੇ ਦੇ ਕਾਰਨ ਮੁਕੰਮਲ ਤੌਰ ’ਤੇ ਬੰਦ ਹੋ ਚੁੱਕੀ ਹੈ। ਇਸ ਮੁੱਦੇ ’ਤੇ ਵਿਰੋਧੀ ਧਿਰਾਂ ਨੇ ਵੀ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਦੇ ਸੀਨੀਅਰ ਆਗੂ ਸੰਜੀਵ ਚੌਧਰੀ ਨੇ ਮੌਜੂਦਾ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਅਣਦੇਖੀ ਕਰਕੇ ਸ਼ਹਿਰ ਨੂੰ ਸਵੱਛ ਰੱਖਣਾ ਅਸੰਭਵ ਹੈ। ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾ ਕੇ ਉਨ੍ਹਾਂ ਦੇ ਮੂਲ ਅਧਿਕਾਰਾਂ ਨੂੰ ਖੋਹਣ ਦਾ ਕੰਮ ਕਰ ਰਹੀ ਹੈ। ਉੱਥੇ ਹੀ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਲੁਧਿਆਣਾ ਸ਼ਹਿਰੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਕਿਹਾ ਕਿ ਮਹਿਜ਼ ਕੁਝ ਘੰਟਿਆਂ ਦੇ ਮੀਂਹ ਨੇ ਨਗਰ ਨਿਗਮ ਅਤੇ ਸੂਬਾ ਸਰਕਾਰ ਦੇ ‘ਸਮਾਰਟ ਸਿਟੀ’ ਵਾਲੇ ਖੋਖਲੇ ਦਾਅਵਿਆਂ ਦੀ ਸੱਚਾਈ ਜਨਤਾ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ।

