Petroleum prices: ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਮੁਜ਼ਾਹਰੇ
ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦਾ ਵਿਰੋਧ; ਨਾਅਰੇਬਾਜ਼ੀ ਕੀਤੀ
ਦੇਸ਼ ਅੰਦਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਹਰ ਰੋਜ਼ ਵਧ ਰਹੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਹਲਕਾ ਆਤਮ ਨਗਰ ਅਤੇ ਦੱਖਣੀ ਦੇ ਇਲਾਕੇ ਮਾਡਲ ਟਾਊਨ ਦੀ ਮੇਨ ਮਾਰਕੀਟ ਵਿੱਚ ਮੁਜ਼ਾਹਰੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ਪਾਰਟੀ ਦੇ ਝੰਡੇ ਅਤੇ ਨਾਅਰੇ ਲਿਖੀਆਂ ਤਖ਼ਤੀਆਂ ਫੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਹਰ ਰੋਜ਼ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਕਾਰਨ ਆਮ ਅਤੇ ਮੱਧ ਵਰਗੀ ਪਰਿਵਾਰਾਂ ਦਾ ਬਜਟ ਵਿਗੜ ਚੁੱਕਾ ਹੈ। ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਲੋਕਾਂ ਦੀ ਜੇਬ ’ਤੇ ਡਾਕਾ ਮਾਰ ਰਹੀ ਹੈ। ਇਸ ਮੌਕੇ ਕੌਂਸਲਰ ਹਰਵਿੰਦਰ ਸਿੰਘ ਸਿੰਘ ਕਲੇਰ, ਅਰਜਨ ਸਿੰਘ ਚੀਮਾ, ਬਲਾਕ ਪ੍ਰਧਾਨ ਟੋਨੀ ਰੋੜਾ, ਬਲਾਕ ਪ੍ਰਧਾਨ ਬਲਜੀਤ ਸਿੰਘ ਮਾਨ, ਬਲਦੇਵ ਸਿੰਘ ਪ੍ਰਧਾਨ, ਰਜੇਸ਼ ਖੋਖਰ, ਪਾਰਕ ਸ਼ਰਮਾ, ਮੋਹਣ ਸਿੰਘ ਲੰਬੜਦਾਰ, ਜਸਵਿੰਦਰ ਸਿੰਘ ਮਾਨ ਅਤੇ ਬਿੱਟੂ ਘਟੋੜੇ ਆਦਿ ਵੀ ਹਾਜ਼ਰ ਸਨ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਵਿੱਚ ਘੋੜੇ-ਰੇਹੜੇ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸ ਪਾਰਟੀ ਦੇ ਵਰਕਰ ਅੱਜ ਭਾਰੀ ਮੀਂਹ ਦੇ ਦੌਰਾਨ ਇਕੱਠੇ ਹੋਏ। ਉਨ੍ਹਾਂ ਨੇ ਬਾਜ਼ਾਰ ਅੰਦਰ ਘੋੜੇ-ਰੇਹੜੇ ’ਤੇ ਖੜ੍ਹੇ ਹੋ ਕੇ ਕੇਂਦਰ ਸਰਕਾਰ ਨੂੰ ਕੋਸਦਿਆਂ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਘਟਾਉਣ ਦੀ ਮੰਗ ਕੀਤੀ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਦੇਸ਼ ਅੰਦਰ ਵਧ ਰਹੀਆਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਜਿੱਥੇ ਦੇਸ਼ ਦੀ ਕਿਸਾਨੀ ਅਤੇ ਇੰਡਸਟਰੀ ਨੂੰ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਪੈਟਰੋਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੇ ਹਰ ਘਰ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਰਥ-ਵਿਵਸਥਾ ਨੂੰ ਕਾਬੂ ਕਰਨ ’ਚ ਫੇਲ੍ਹ ਰਹੀ ਹੈ ਕਿਉਂਕਿ ਦੇਸ਼ ਦੇ ਅੰਦਰ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ। ਇਸ ਕਾਰਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਹਰ ਰੋਜ਼ ਘਟ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਵੱਡੇ ਉਦਯੋਗਿਕ ਘਰਾਣਿਆਂ ਦੀ ਮਦਦ ਕਰਨ ਦੀ ਬਜਾਇ ਦੇਸ਼ ਦੇ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਰਿਸ਼ਦ ਮੈਂਬਰ ਤਾਜਪਰਵਿੰਦਰ ਸਿੰਘ ਸੋਨੂ, ਬਲਵੀਰ ਸਿੰਘ ਬੁੱਢੇਵਾਲ (ਦੋਵੇਂ ਬਲਾਕ ਪ੍ਰਧਾਨ), ਕਮਲਜੀਤ ਸਿੰਘ ਬੋਪਾਰਾਏ, ਦੀਪਕ ਛਾਬੜਾ, ਬਾਬਾ ਬਿਲਗਾ, ਜਸਕਰਨ ਸਿੰਘ ਰੰਧਾਵਾ, ਸਰਪੰਚ ਸਤਵੰਤ ਸਿੰਘ ਗਰਚਾ, ਸੁਰਜੀਤ ਸਿੰਘ ਸੀਤਾ ਗਰਚਾ, ਬੂਟਾ ਬਿਲਗਾ, ਜੱਸਾ ਰਾਈਆਂ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
ਮਲੌਦ (ਦੇਵਿੰਦਰ ਸਿੰਘ ਜੱਗੀ): ਇੱਥੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਅਗਵਾਈ ਹੇਠ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਵਾਧੇ ਖ਼ਿਲਾਫ਼ ਖੱਚਰ ਰੇਹੜੇ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚਹੇਤੇ ਸਰਮਾਏਦਾਰਾਂ ਦੇ ਤਾਂ ਕਰੋੜਾਂ ਅਰਬਾਂ ਰੁਪਏ ਦੇ ਕਰਜ਼ੇ ਮੁਆਫ਼ ਕਰ ਸਕਦੇ ਹੈ ਪਰ ਆਮ ਲੋਕਾਂ ’ਤੇ ਮਹਿੰਗਾਈ ਦੀ ਮਾਰ ਥੋਪ ਰਹੇ ਹਨ। ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਕਿ ਇਸ ਮੌਕੇ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਵਿੰਦਰ ਸਿੰਘ ਗਿੱਲ ਟੀਨੂ ਘਲੋਟੀ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਜ਼ਿਲ੍ਹਾ ਪਰਿਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ, ਚੇਅਰਮੈਨ ਨਿਰਮਲ ਸਿੰਘ ਗੋਗਾ, ਗੁਰਦੀਪ ਸਿੰਘ ਜੁਲਮਗੜ੍ਹ, ਬਲਾਕ ਸਮਿਤੀ ਮੈਂਬਰ ਗੁਰਮੁਖ ਸਿੰਘ ਗੋਮੀ ਸਿਆੜ੍ਹ, ਜਤਿੰਦਰ ਸਿੰਘ ਚੋਮੋ ਆਦਿ ਵੀ ਹਾਜ਼ਰ ਸਨ।
ਖੱਚਰ ਰੇਹੜੇ ’ਤੇ ਚੜ੍ਹ ਕੇ ਪ੍ਰਦਰਸ਼ਨ
ਜਗਰਾਉਂ (ਜਸਬੀਰ ਸ਼ੇਤਰਾ): ਤੇਲ ਕੀਮਤਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਅੱਜ ਇੱਥੇ ਕਾਂਗਰਸੀ ਆਗੂਆਂ ਨੇ ਖੱਚਰ ਰੇਹੜੇ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਰਵਿੰਦਰ ਨੀਟਾ ਸਭਰਵਾਲ ਤੇ ਹੋਰਾਂ ਨੇ ਨਾਅਰੇਬਾਜ਼ੀ ਕੀਤੀ। ਬਜ਼ੁਰਗ ਆਗੂ ਗੋਪਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਸਿਰਫ਼ ਹੁਣ ਪੈਟਰੋਲ ਡੀਜ਼ਲ ਸਿਖ਼ਰਲੇ ਪੱਧਰ ’ਤੇ ਦੇਖਿਆ ਹੈ। ਰੇਹੜੇ ’ਤੇ ਚੜ੍ਹ ਕੇ ਕਾਂਗਰਸੀ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਸਥਾਨਕ ਕਮੇਟੀ ਪਾਰਕ ਵਿੱਚ ਪਹੁੰਚੇ ਜਿੱਥੇ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਰਛਪਾਲ ਸਿੰਘ ਚੀਮਨਾ, ਜਤਿੰਦਰਪਾਲ ਰਾਣਾ, ਸਤਿੰਦਰਜੀਤ ਤਤਲਾ, ਅਮਨ ਕਪੂਰ ਬੌਬੀ, ਸੁਖਵਿੰਦਰ ਸੁੱਖੀ, ਅਵਤਾਰ ਸਿੰਘ ਵਿਰਕ, ਜਗਤਾਰ ਸਿੰਘ, ਨਵਦੀਪ ਸਿੰਘ, ਹਰਦੀਪ ਲਾਲੀ, ਅਸ਼ਵਨੀ ਕੁਮਾਰ, ਯੋਧਾ ਪਹਿਲਵਾਨ, ਸੰਜੇ ਕੱਕੜ, ਵਿਕਰਮ ਜੱਸੀ, ਸਿਮਰ ਮੱਲ੍ਹਾ, ਸਰਬਜੀਤ ਖਹਿਰਾ ਆਦਿ ਸ਼ਾਮਲ ਸਨ। ਇਸੇ ਤਰ੍ਹਾਂ ਮੁੱਲਾਂਪੁਰ ਦਾਖਾ ਵਿੱਚ ਵੀ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ ਆਗੂਆਂ ਤੇ ਕਾਰਕੁਨਾਂ ਨੇ ਵਰ੍ਹਦੇ ਮੀਂਹ ਵਿੱਚ ਦਾਣਾ ਮੰਡੀ ਤੋਂ ਲੈ ਕੇ ਮੁੱਖ ਮਾਰਗ ਤਕ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਉਨ੍ਹਾਂ ਹੱਥਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਰੋਸ ਪ੍ਰਦਰਸ਼ਨ ਵਿੱਚ ਪ੍ਰੇਮ ਸਿੰਘ ਸੇਖੋਂ, ਗੁਰਮੀਤ ਸਿੰਘ ਮਿੰਟੂ ਰੂਮੀ ਸਣੇ ਹੋਰ ਕਾਂਗਰਸੀ ਸ਼ਾਮਲ ਹੋਏ।

