ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਸਤੰਬਰ
ਟੁੱਟੀਆਂ ਲਿੰਕ ਸੜਕਾਂ ਵੀ ਹੁਣ ਦਿਨ-ਰਾਤ ਧਰਨੇ ਲਾਉਣ ਨਾਲ ਬਣਦੀਆਂ ਹਨ। ਇਹ ਸਾਬਤ ਕੀਤਾ ਹੈ ਪਿੰਡ ਲੱਖਾ ’ਚ 38 ਦਿਨ ਤਕ ਟੈਂਟ ਗੱਡ ਕੇ ਚੱਲੇ ਧਰਨੇ ਨੇ। ਗੁਰੂ ਗੋਬਿੰਦ ਸਿੰਘ ਮਾਰਗ ਸਮੇਤ ਕਸਬਾ ਹਠੂਰ ਨਾਲ ਜੋੜਦੀਆਂ ਹੋਰ ਸੜਕਾਂ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਬੁਰੀ ਤਰ੍ਹਾਂ ਟੁੱਟੀਆਂ ਪਈਆਂ ਸਨ। ਪੰਚਾਇਤਾਂ, ਜਨਤਕ ਜਥੇਬੰਦੀਆਂ ਤੇ ਪੇਂਡੂ ਲੋਕਾਂ ਨੇ ਕਈ ਵਾਰ ਮੰਗ-ਪੱਤਰ ਦੇਣ ਅਤੇ ਮਿਆਦ ਪੁੱਗਣ ‘ਤੇ ਵੀ ਸੜਕਾਂ ਨਹੀਂ ਬਣੀਆਂ। ਅਕਾਲੀ ਦਲ ਅਤੇ ਕਾਂਗਰਸ ਦੀਆਂ ਦੋ ਸਰਕਾਰਾਂ ਦੇ ਦਸ ਸਾਲ ਬੀਤ ਜਾਣ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਡੇਢ ਸਾਲ ਤੋਂ ਵੱਧ ਸਮਾਂ ਲੰਘਣ ‘ਤੇ ਵੀ ਸੜਕਾਂ ਬਣਨ ਦੀ ਕੋਈ ਉੱਘ-ਸੁੱਘ ਨਾ ਲੱਗਣ ‘ਤੇ ਪਿੰਡਾਂ ਦੇ ਅੱਕੇ ਲੋਕ ਸੜਕ ਮੱਲ ਕੇ ਬੈਠ ਗਏ। ਧਰਨੇ ਦੇ ਅੱਜ 38 ਦਿਨ ਪੂਰੇ ਕਰਨ ਤੋਂ ਪਹਿਲਾਂ ਚਾਰ ਵਾਰ ਅਧਿਕਾਰੀ ਸੜਕਾਂ ਜਲਦ ਬਣਨ ਦੇ ਭਰੋਸੇ ਦੇ ਕੇ ਧਰਨਾ ਚੁਕਵਾਉਣ ’ਚ ਨਾਕਾਮ ਰਹੇ। ਲੋਕ ਸੜਕ ਬਣਨੀਆਂ ਸ਼ੁਰੂ ਹੋਣ ‘ਤੇ ਹੀ ਧਰਨਾ ਚੁੱਕਣ ‘ਤੇ ਬਜ਼ਿੱਦ ਰਹੇ। ਬੀਤੇ ਦਿਨ ਇਕ ਸੜਕ ਬਣਾਉਣ ਲਈ ਪੱਥਰ ਸੁੱਟਣ ਮਗਰੋਂ ਅੱਜ ਪ੍ਰਸ਼ਾਸਨਿਕ ਅਧਿਕਾਰੀ ਧਰਨਾਕਾਰੀਆਂ ਕੋਲ ਪੁੱਜੇ।
ਤਹਿਸੀਲਦਾਰ ਗੁਰਦੀਪ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਸਹਿਜਪ੍ਰੀਤ ਸਿੰਘ, ਮੰਡੀ ਬੋਰਡ ਤੋਂ ਪਰਮਿੰਦਰ ਸਿੰਘ ਢੋਲਣ, ਡੀਐੱਸਪੀ ਰਛਪਾਲ ਸਿੰਘ ਢੀਂਡਸਾ ਨੇ ਐਕਸ਼ਨ ਕਮੇਟੀ ਨਾਲ ਮੀਟਿੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਾਰਗ 24 ਸਤੰਬਰ ਨੂੰ ਹਰ ਹਾਲਤ ‘ਚ ਬਣਨਾ ਸ਼ੁਰੂ ਹੋ ਜਾਵੇਗਾ ਅਤੇ ਝੋਰੜਾਂ, ਲੱਖਾ, ਹਠੂਰ, ਬੁਰਜ ਕੁਲਾਰਾ ਦੀ ਸੜਕ ਜੋ ਦੋ ਵਿਭਾਗਾਂ ਅਧੀਨ ਅੱਧੀ-ਅੱਧੀ ਆਉਂਦੀ ਹੈ, ਉਹ ਮੰਡੀ ਬੋਰਡ ਵਲੋਂ 15 ਅਕਤੂਬਰ ਅਤੇ ਲੋਕ ਨਿਰਮਾਣ ਵਿਭਾਗ ਵਲੋਂ 20 ਅਕਤੂਬਰ ਤੋਂ ਬਣਨੀ ਸ਼ੁਰੂ ਹੋ ਜਾਵੇਗੀ। ਇਸ ‘ਤੇ ਐਕਸ਼ਨ ਕਮੇਟੀ ਨੇ ਆਪਣੀ ਵੱਖਰੀ ਮੀਟਿੰਗ ਕੀਤੀ ਜਿਸ ‘ਚ ਪ੍ਰਸ਼ਾਸਨ ਦੇ ਭਰੋਸੇ ‘ਤੇ ਰੋਸ ਧਰਨਾ ਮੁਲਤਵੀ ਕਰਨ ਦੀ ਸਹਿਮਤੀ ਬਣੀ। ਉਪਰੰਤ ਪ੍ਰਸ਼ਾਸਨਿਕ ਅਧਿਆਰੀਆਂ ਨੇ ਧਰਨੇ ‘ਚ ਉਕਤ ਜਾਣਕਾਰੀ ਸਾਂਝੀ ਕੀਤੀ। ਐਕਸ਼ਨ ਕਮੇਟੀ ਵਲੋਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਬੀਕੇਯੂ (ਡਕੌਂਦਾ) ਤੋਂ ਜਗਤਾਰ ਸਿੰਘ ਦੇਹੜਕਾ, ਮਹਿੰਦਰ ਸਿੰਘ ਕਮਾਲਪੁਰਾ ਨੇ ਸੰਬੋਧਨ ਕਰਦਿਆਂ ਧਰਨਾਕਾਰੀਆਂ ਨੇ ਹੱਥ ਖੜ੍ਹੇ ਕਰਵਾ ਕੇ ਫ਼ੈਸਲੇ ਨੂੰ ਪ੍ਰਵਾਨਗੀ ਦਿਵਾਈ। ਇਸ ਤੋਂ ਬਾਅਦ ਗੁਰਦੁਆਰੇ ‘ਚ ਅਰਦਾਸ ਬੇਨਤੀ ਕਰਕੇ ਜੈਕਾਰਿਆਂ ਦੀ ਗੂੰਜ ‘ਚ ਧਰਨਾ ਚੁੱਕ ਲਿਆ ਗਿਆ। ਸਰਪੰਚ ਮਲਕੀਤ ਸਿੰਘ ਹਠੂਰ, ਕੰਵਲਜੀਤ ਖੰਨਾ, ਤਾਰਾ ਸਿੰਘ ਅੱਚਰਵਾਲ, ਸਰਪੰਚ ਜਸਵੀਰ ਸਿੰਘ ਲੱਖਾ, ਸੁਰਜੀਤ ਸਿੰਘ ਲੱਖਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਆਦਿ ਇਸ ਸਮੇਂ ਮੌਜੂਦ ਸਨ।