‘ਆਪ’ ਦੀ ਅਸਲੀਅਤ ਸਮਝ ਚੁੱਕੇ ਨੇ ਲੋਕ: Simarjit Singh Bains
ਸਾਬਕਾ ਵਿਧਾਇਕ ਨੇ ਵਾਰਡ ਨੰਬਰ 37 ਵਿੱਚ ਕਾਂਗਰਸ ਵਰਕਰਾਂ ਨੂੰ ਸੰਬੋਧਨ ਕੀਤਾ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਨੂੰ ਬਰਬਾਦੀ ਕੰਢੇ ਲਿਆਂਦਾ ਹੈ ਅਤੇ ਪੰਜਾਬ ਦੀ ਜਨਤਾ ਇਸ ਰਾਜ ਦੇ ਖ਼ਾਤਮੇ ਲਈ ਤਿਆਰ ਬੈਠੀ ਹੈ। ਉਹ ਅੱਜ ਵਾਰਡ ਨੰਬਰ 37 ਦੇ ਬਰੋਟਾ ਰੋਡ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸੰਗਠਨ ਦਾ ਵਿਸਥਾਰ ਕਰਦਿਆਂ ਕਾਂਗਰਸ ਐੱਸ ਸੀ ਸੈੱਲ ਦੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਡਾਬਾ ਵੱਲੋਂ ਪ੍ਰਦੀਪ ਕਲਿਆਣ ਨੂੰ ਵਾਰਡ ਪ੍ਰਧਾਨ ਦਾ ਨਿਯੁਕਤੀ ਪੱਤਰ ਭੇਟ ਕਰਕੇ ਸਨਮਾਨਿਤ ਵੀ ਕੀਤਾ। ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਦੀ ਸੱਤਾ ’ਤੇ ਕਾਬਜ਼ ਸਰਕਾਰ ਸਿਰਫ਼ ਅਤੇ ਸਿਰਫ਼ ਝੂਠ ਦੇ ਸਹਾਰੇ ਚੱਲ ਰਹੀ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਜਨਾਜ਼ਾ ਨਿਕਲ ਚੁੱਕਿਆ ਹੈ, ਜਿਸ ਕਾਰਨ ਵਪਾਰੀ, ਮਜ਼ਦੂਰ ਅਤੇ ਆਮ ਜਨਤਾ ਅੱਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਨਤਾ ਹੁਣ ਇਨ੍ਹਾਂ ਦੀ ਅਸਲੀਅਤ ਸਮਝ ਚੁੱਕੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਸ ਨਾਕਾਮ ਸਰਕਾਰ ਨੂੰ ਚਲਦਾ ਕਰਕੇ ਕਰਾਰਾ ਜਵਾਬ ਦੇਵੇਗੀ। ਇਸ ਮੌਕੇ ਨਵ-ਨਿਯੁਕਤ ਵਾਰਡ ਪ੍ਰਧਾਨ ਪ੍ਰਦੀਪ ਕਲਿਆਣ ਨੇ ਹਾਈਕਮਾਂਡ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਡਾਬਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹਰਵਿੰਦਰ ਸਿੰਘ ਕਲੇਰ, ਬਲਦੇਵ ਸਿੰਘ ਪ੍ਰਧਾਨ, ਅਲਬੇਲ ਸਿੰਘ ਗਰਚਾ, ਮਨਜੀਤ ਸੈਣੀ, ਦਵਿੰਦਰ ਬਾਂਸਲ ਹਾਜ਼ਰ ਸਨ।
