power cut: ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਲੋਕ ਪ੍ਰੇਸ਼ਾਨ
ਕਿਸਾਨ ਜਥੇਬੰਦੀ ਨੇ ਬਿਜਲੀ ਬੋਰਡ ਬਿਲਾਸਪੁਰ ਦੇ ਐੱਸ ਐੱਸ ਏ ਨੂੰ ਮੰਗ ਪੱਤਰ ਦਿੱਤਾ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਆਗੂਆਂ, ਕਿਸਾਨਾਂ ਤੇ ਲੋਕਾਂ ਨੇ ਬਿਜਲੀ ਦੇ ਲੱਗ ਰਹੇ ਵੱਡੇ ਵੱਡੇ ਅਣ-ਐਲਾਨੇ ਕੱਟਾਂ ਅਤੇ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਬਿਲਾਸਪੁਰ ਗਰਿੱਡ ’ਤੇ ਇਕੱਠੇ ਹੋ ਕੇ ਚਰਨਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਐੱਸ ਐੱਸ ਏ ਨੇ ਭਰੋਸਾ ਦਿੱਤਾ ਕਿ ਮੰਗ ਪੱਤਰ ਅੱਗੇ ਭੇਜਿਆ ਜਾਵੇਗਾ ਅਤੇ ਉਹ ਵੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਬਿਜਲੀ ਦੀ ਪੂਰੀ ਸਪਲਾਈ ਲਈ ਚਰਚਾ ਕਰ ਰਹੇ ਹਨ। ਇਸ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤਾਂ ਲਈ ਬਿਜਲੀ ਸਪਲਾਈ ਨਿਰਵਿਘਨ ਅੱਠ ਘੰਟੇ ਦਿੱਤੀ ਜਾਵੇ, ਸਪਲਾਈ ਸਮੇਂ ਕੱਟ ਲਾਉਣੇ ਬੰਦ ਕੀਤੇ ਜਾਣ, ਮੋਟਰਾਂ ਦੇ ਲੋਡ ਵਧਾਉਣ ’ਤੇ ਫ਼ੀਸ ਖਤਮ ਕੀਤੀ ਜਾਵੇ ਤਾਂ ਜੋ ਮੋਟਰਾਂ ਵੱਡੀਆਂ ਕੀਤੀਆਂ ਜਾਣ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਬਿਜਲੀ ਸਪਲਾਈ ਦੀ ਕੋਈ ਤੋਟ ਨਹੀਂ, ਪਰ ਹੁਣ ਕਿਸਾਨਾਂ ਨੂੰ ਜੈਨਰੇਟਰ ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਪਰਮਜੀਤ ਸਿੰਘ ਬਿਲਾਸਪੁਰ, ਮੋਹਨ ਸਿੰਘ, ਅਮਰੀਕ ਸਿੰਘ ਬਿਲਾਸਪੁਰ, ਸ਼ਿੰਦਰ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ, ਹਰਜੀਤ ਸਿੰਘ, ਭਲਿੰਦਰ ਸਿੰਘ ਤੇ ਹੋਰ ਕਿਸਾਨ ਵੀ ਹਾਜ਼ਰ ਸਨ।

