ਸ਼ਹਿਰ ਵਿੱਚ ਗੁਰਦੁਆਰਾ ਕਲਗ਼ੀਧਰ ਸਾਹਿਬ ਸਾਹਮਣੇ ਕੌਮੀ ਮਾਰਗ ਦੇ ਪੁਲ ਹੇਠ ਲੰਮੇਂ ਸੰਘਰਸ਼ ਬਾਅਦ ਲਈ ਗਈ ਰਾਹਦਾਰੀ ਨੂੰ ਕਿਸੇ ਵੱਲੋਂ ਗਾਰਡਰ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਇਸ ਰਸਤੇ ਦੇ ਤੰਗ ਹੋਣ ਕਾਰਨ ਨਵੀਂ ਆਬਾਦੀ, ਮਾਤਾ ਰਾਣੀ ਮੁਹੱਲੇ ਦੇ ਲੋਕਾਂ, ਗੁਰਦੁਆਰਾ ਸਾਹਿਬ ਅਤੇ ਮੰਦਰ ਜਾਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਸ਼ਹਿਰ ਦੇ ਇੱਕੋ-ਇੱਕ ਸ਼ਮਸ਼ਾਨਘਾਟ ਜਾਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਗਾਰਡਰ ਨਾ ਤਾਂ ਪ੍ਰਸ਼ਾਸਨ, ਨਾ ਪੁਲੀਸ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਲਾਏ ਗਏ ਹਨ। ਰਸਤਾ ਤੰਗ ਹੋਣ ਕਾਰਨ ਦੋ ਪਹੀਆ ਵਾਹਨਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ, ਜਿਸ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਸਾਬਕਾ ਕੌਂਸਲਰ ਤੇ ‘ਆਪ’ ਆਗੂ ਸੁਖਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਗਾਰਡਰਾਂ ਕਾਰਨ ਕਈ ਔਰਤਾਂ ਅਤੇ ਬੱਚੇ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗ਼ੈਰ-ਕਾਨੂੰਨੀ ਤੌਰ ’ਤੇ ਲਾਏ ਇਹ ਗਾਰਡਰ ਤੁਰੰਤ ਹਟਾਏ ਜਾਣ। ਇਸ ਸਬੰਧੀ ਐੱਸ ਡੀ ਐੱਮ ਸਵਾਤੀ ਤਿਵਾੜੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਪਤਾ ਲਾਇਆ ਜਾਵੇਗਾ ਕਿ ਇਹ ਕਿਸ ਨੇ ਲਾਏ ਹਨ। ਉੱਧਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਤੇ ਟਰੈਫਿਕ ਡੀ ਐੱਸ ਪੀ ਕਰਮਵੀਰ ਸਿੰਘ ਤੂਰ ਨੇ ਵੀ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵੱਲੋਂ ਇਹ ਰਸਤਾ ਬੰਦ ਨਹੀਂ ਕੀਤਾ ਗਿਆ। ਹਫ਼ਤਾ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਦੀ ਚੁੱਪ ਕਾਰਨ ਲੋਕਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।

