ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਸਤੰਬਰ
ਸਥਾਨਕ ਤਾਜਪੁਰ ਰੋਡ ਸਥਿਤ ਸੈਕਟਰ 32 ਨੇੜੇ ਮੇਨ ਸੜਕ ’ਤੇ ਵਿੱਛੀ ਪਾਣੀ ਦੀ ਪਾਈਪ ਵਾਰ ਵਾਰ ਲੀਕ ਹੋਣ ਕਾਰਨ ਜਿੱਥੇ ਲੋਕ ਦੁਖੀ ਹਨ ਉੱਥੇ ਵਿਭਾਗ ਦੇ ਕਰਮਚਾਰੀ ਵੀ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਪਾਣੀ ਦੀ ਮੇਨ ਪਾਈਪ ਟੁੱਟ ਰਹੀ ਹੈ ਅਤੇ ਉਨ੍ਹਾਂ ਨੂੰ ਵਾਰ ਵਾਰ ਠੀਕ ਕਰਨੀ ਪੈ ਰਹੀ ਹੈ।
ਮੇਨ ਰੋਡ ਤੇ ਸ਼ਨੀਵਾਰ ਨੂੰ ਸਵੇਰੇ ਪਾਣੀ ਦੀ ਵੱਡੀ ਪਾਈਪ ਲੀਕ ਹੋਣ ਤੋਂ ਬਾਅਦ ਨਗਰ ਨਿਗਮ ਦੇ ਵਾਟਰ ਸਪਲਾਈ ਵਿਭਾਗ ਵੱਲੋਂ ਇਸ ਨੂੰ ਠੀਕ ਕਰ ਦਿੱਤਾ ਗਿਆ ਸੀ ਪਰ ਕੁਝ ਘੰਟਿਆਂ ਵਿੱਚ ਹੀ ਮੁੜ ਪਾਣੀ ਦੀ ਲੀਕੇਜ ਸ਼ੁਰੂ ਹੋਣ ’ਤੇ ਇਸ ਨੂੰ ਅੱਜ ਸਵੇਰੇ ਮੁੜ ਠੀਕ ਕਰ ਦਿੱਤਾ ਗਿਆ ਹੈ। ਪਾਣੀ ਦੀ ਲੀਕੇਜ ਕਾਰਨ ਮੁੱਖ ਸੜਕ ਤੇ ਚਿੱਕੜ ਅਤੇ ਤਿਲਕਣ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਾਹਨ ਚਾਲਕਾਂ ਨੂੰ ਹਾਦਸੇ ਦੇ ਡਰ ਕਾਰਨ ਰਸਤਾ ਬਦਲ ਕੇ ਜਾਣਾ ਪਿਆ।
ਇੱਥੇ ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਇਸ ਤੋਂ ਪਹਿਲਾਂ ਪਾਈਪ ਦੀ ਮੁਰੰਮਤ ਵੇਲੇ ਜੇਸੀਬੀ ਮਸ਼ੀਨ ਨਾਲ ਸੜਕ ਦੀ ਪੁਟਾਈ ਕਰਕੇ ਪਾਣੀ ਦੀ ਲੀਕੇਜ ਦੂਰ ਕਰਨ ਤੋਂ ਬਾਅਦ ਦੁਬਾਰਾ ਮਸ਼ੀਨ ਨਾਲ ਟੋਏ ਦੀ ਮਿੱਟੀ ਭਰ ਦਿੱਤੀ ਜਾਂਦੀ ਸੀ ਪਰ ਅੱਜ ਇਸ ਦੀ ਮੁਰੰਮਤ ਤੋਂ ਬਾਅਦ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਹੈ ਕਿਉਂਕਿ ਮੁਲਾਜ਼ਮਾਂ ਨੂੰ ਵਾਰ ਵਾਰ ਪੁਟਾਈ ਕਰਕੇ ਇਸ ਨੂੰ ਭਰਨਾ ਔਖਾ ਲੱਗ ਰਿਹਾ ਸੀ। ਟੋਆ ਖੁਲ੍ਹਾ ਹੋਣ ਕਾਰਨ ਵੀ ਇਲਾਕਾ ਨਿਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਹਨੇਰੇ ਵਿੱਚ ਇਹ ਕਿਸੇ ਵੀ ਵੇਲੇ ਗੰਭੀਰ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਤਕਰੀਬਨ ਪੰਜ ਮਹੀਨੇ ਵਿੱਚ ਕਈ ਵਾਰ ਪਾਣੀ ਦੀ ਪਾਈਪ ਲੀਕ ਕੀਤੀ ਹੈ ਜਿਸ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਵੀ ਇਸ ਨੂੰ ਵਾਰ ਵਾਰ ਠੀਕ ਕਰਕੇ ਅੱਕ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਜੇਸੀਬੀ ਮਸ਼ੀਨ ਨਾਲ ਪੁੱਟਿਆ ਟੋਆ ਅੱਜ ਭਰਿਆ ਨਹੀਂ ਗਿਆ। ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਾਰ ਵਾਰ ਲੀਕ ਹੋਣ ਸਬੰਧੀ ਨਗਰ ਨਿਗਮ ਦੇ ਵਾਟਰ ਸਪਲਾਈ ਵਿਭਾਗ ਵੱਲੋਂ ਗਠਿਤ ਮਾਹਿਰਾਂ ਦੀ ਇੱਕ ਟੀਮ ਜਾਂਚ ਕਰ ਰਹੀ ਹੈ।