ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਅਕਤੂਬਰ
ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਜਲੰਧਰ ਬਾਈਪਾਸ ਚੌਕ ਵਿੱਖੇ ਲੋਕਾਂ ਦੇ ਘਰਾਂ ਨੂੰ ਜਾਂਦਾ ਰਸਤਾ ਕਥਿਤ ਬੰਦ ਕਰਨ ਦੇ ਰੋਸ ਵਜੋਂ ਸੈਂਕੜੇ ਲੋਕਾਂ ਨੇ ਅੱਜ ਜਲੰਧਰ ਬਾਈਪਾਸ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਰਸਤਾ ਤੁਰੰਤ ਖੋਲ੍ਹਣ ਦੀ ਮੰਗ ਕੀਤੀ।
ਕਾਂਗਰਸੀ ਆਗੂ ਅਤੇ ਮੁਹੱਲਾ ਪ੍ਰਧਾਨ ਅਬਾਸ ਰਾਜਾ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਇਹ ਰਸਤਾ ਭੋਰਾ ਕਾਲੋਨੀ, ਨੇਤਾ ਜੀ ਨਗਰ, ਅਮਨ ਨਗਰ, ਭੰਡਾਰੀ ਕਲੋਨੀ, 30 ਫੁੱਟਾ ਰੋਡ ਸਣੇ ਕਈ ਇਲਾਕਿਆਂ ਨੂੰ ਜਾਂਦਾ ਹੈ ਅਤੇ ਰੋਜ਼ਾਨਾ ਇਥੋਂ ਹਜ਼ਾਰਾਂ ਲੋਕ ਰੋਜ਼ਾਨਾ ਆਪਣੇ ਕੰਮਕਾਰਾਂ ਲਈ ਲੰਘਦੇ ਹਨ। ਇਸ ਤੋਂ ਇਲਾਵਾ ਚੌਕ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਹੈ, ਜਿਥੇ ਵੱਡੀ ਗਿਣਤੀ ’ਚ ਸੰਗਤ ਮੱਥਾ ਟੇਕਣ ਆਉਂਦੀ ਹੈ, ਪਰ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਜਲੰਧਰ ਬਾਈਪਾਸ ਚੌਕ ਤੋਂ ਨਿਕਲਦਾ ਇਹ ਰਸਤਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਉਹ ਪਹਿਲਾਂ ਹੀ ਇੱਥੇ ਖੜ੍ਹਨ ਵਾਲੀਆਂ ਬੱਸਾਂ ਤੋਂ ਪ੍ਰੇਸ਼ਾਨ ਹਨ ਅਤੇ ਇਨ੍ਹਾਂ ਵਾਸਤੇ ਪੱਕਾ ਬੱਸ ਸਟੈਂਡ ਬਣਾਏ ਜਾਣ ਦੀ ਮੰਗ ਕਰ ਰਹੇ ਸਨ, ਪਰ ਇਸਦੇ ਉਲਟ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲਾ ਰਸਤਾ ਹੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਵਿਧਾਇਕ ਮਦਨ ਲਾਲ ਬੱਗਾ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਰਸਤਾ ਨਾ ਖੋਲ੍ਹਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ।
ਦੂਜੇ ਪਾਸੇ, ਐੱਨਐੱਚਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਰਵਿਸ ਲੇਨ ਦੇ ਨਾਲ ਫੁਟਪਾਥ ਤੇ ਇੰਟਰਲਾਕ ਟਾਈਲਾਂ ਲਗਾਉਣ ਲਈ ਸੜਕ ਦਾ ਰਸਤਾ ਬੰਦ ਕੀਤਾ ਗਿਆ ਸੀ ਪਰ ਇਲਾਕਾ ਨਿਵਾਸੀਆਂ ਦੇ ਰੋਸ ਨੂੰ ਵੇਖਦਿਆਂ ਇਸ ਰੋਕ ਨੂੰ ਖਤਮ ਕੀਤਾ ਜਾ ਰਿਹਾ ਹੈ । ਰਸਤਾ ਆਮ ਵਾਂਗ ਖੋਲ੍ਹ ਦਿੱਤਾ ਜਾਵੇਗਾ।