ਰਾਏਕੋਟ ਦੇ ਮੁੱਖ ਚੌਕਾਂ ਵਿੱਚ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ
ਬੇਤਰਤੀਬੀ ਪਾਰਕਿੰਗ, ਰੇਹੜੀ-ਫੜ੍ਹੀ ਵਾਲਿਆਂ ਦੇ ਕਬਜ਼ਿਅਾਂ ਕਾਰਨ ਸਮੱਸਿਅਾ ਵਧਣ ਦਾ ਦੋਸ਼
ਰਾਏਕੋਟ ਸ਼ਹਿਰ ਵਿੱਚ ਟਰੈਫਿਕ ਪੁਲੀਸ ਦੀ ਗੈਰਮੌਜੂਦਗੀ ਕਾਰਨ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਲੱਗ ਰਹੇ ਲੰਮੇ ਟਰੈਫਿਕ ਜਾਮ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸ ਅੱਡਾ ਚੌਕ, ਮੇਨ ਬਾਜ਼ਾਰ, ਤਾਜਪੁਰ ਚੌਕ ਅਤੇ ਬਰਨਾਲਾ ਚੌਕ ਵਿੱਚ ਸਾਰਾ ਦਿਨ ਵਾਹਨਾਂ ਦੀ ਭੀੜ ਕਾਰਨ ਹਾਲਾਤ ਬੇਕਾਬੂ ਹੋ ਜਾਂਦੇ ਹਨ।
ਸਕੂਲੀ ਬੱਚਿਆਂ, ਦਫ਼ਤਰੀ ਕਰਮਚਾਰੀਆਂ ਅਤੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ਵਿੱਚ ਵੀ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਅਤੇ ਮਾਸਟਰ ਬਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬੇਤਰਤੀਬੇ ਢੰਗ ਦੀ ਪਾਰਕਿੰਗ, ਰੇਹੜੀ-ਫੜ੍ਹੀ ਵਾਲਿਆਂ ਦੇ ਨਾਜਾਇਜ਼ ਕਬਜ਼ੇ ਕਾਰਨ ਰਾਏਕੋਟ ਦੇ ਹਰ ਚੌਕ ਵਿੱਚ ਟਰੈਫਿਕ ਸਮੱਸਿਆ ਦਿਨੋਂ-ਦਿਨ ਹੋਰ ਗੰਭੀਰ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਖ਼ਾਸ ਕਰ ਕੇ ਸਵੇਰੇ ਅਤੇ ਸ਼ਾਮ ਦੇ ਸਮੇਂ ਜਦੋਂ ਦਫ਼ਤਰ ਅਤੇ ਸਕੂਲਾਂ ਦੀ ਛੁੱਟੀ ਹੁੰਦੀ ਹੈ ਤਾਂ ਚੌਕਾਂ ਵਿੱਚ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਐਮਰਜੈਂਸੀ ਵਾਹਨ ਵੀ ਜਾਮ ਵਿੱਚ ਫਸ ਜਾਂਦੇ ਹਨ, ਜਿਸ ਨਾਲ ਲੋਕਾਂ ਵਿੱਚ ਰੋਸ ਵਧ ਰਿਹਾ ਹੈ। ਸਾਬਕਾ ਪ੍ਰਧਾਨ ਗਿੱਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਫਿਕ ਪ੍ਰਬੰਧਾਂ ਨੂੰ ਸੁਧਾਰਨ ਲਈ ਸਥਾਈ ਹੱਲ ਕੀਤੇ ਜਾਣ, ਚੌਕਾਂ ’ਤੇ ਟਰੈਫਿਕ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇ ਅਤੇ ਗਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਰਾਹਗੀਰਾਂ ਨੂੰ ਰਾਹਤ ਮਿਲ ਸਕੇ।

