ਕਿਸਾਨ ਅੰਦੋਲਨ: ਕੇਂਦਰ ਖ਼ਿਲਾਫ਼ ਗਰਜੇ ਸਾਬਕਾ ਫ਼ੌਜੀ

ਮੋਦੀ ਕਾਰਪੋਰੇਟ ਘਰਾਣਿਆਂ ਦਾ ਪ੍ਰਮਾਣਿਤ ਦਲਾਲ ਕਰਾਰ; ਧਰਨੇ 26ਵੇਂ ਦਿਨ ਵੀ ਜਾਰੀ

ਕਿਸਾਨ ਅੰਦੋਲਨ: ਕੇਂਦਰ ਖ਼ਿਲਾਫ਼ ਗਰਜੇ ਸਾਬਕਾ ਫ਼ੌਜੀ

ਖੰਨਾ ਰੇਲਵੇ ਸਟੇਸ਼ਨ ’ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਤੇ ਸਾਬਕਾ ਫ਼ੌਜੀ।

ਜੋਗਿੰਦਰ ਸਿੰਘ ਓਬਰਾਏ
ਖੰਨਾ, 26 ਅਕਤੂਬਰ
ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਤੇ ਲੇਬਰ ਸੋਧ ਬਿੱਲਾਂ ਦੇ ਵਿਰੋਧ ਵਿੱਚ ਸਰਕਾਰ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਦੁਕਾਨਦਾਰਾਂ ਦਾ ਰੋਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕਿਸਾਨ ਸੰਘਰਸ਼ ਤਹਿਤ ਇਥੋਂ ਦੇ ਰੇਲਵੇ ਸਟਸ਼ੇਨ ’ਤੇ 23ਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰੰਘ ਬੈਨੀਪਾਲ ਤੇ ਗੁਰਦੀਪ ਸਿੰਘ ਭੱਟੀ ਦੀ ਅਗਵਾਈ ਹੇਠਾਂ ਜਾਰੀ ਰਿਹਾ। ਇਸ ਮੌਕੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦਿਆਂ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ੍ਰੀ ਬੈਨੀਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਲੋਕ ਮਾਰੂ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਕਿਸਾਨ ਰੇਲ ਰੋਕੋ ਅੰਦੋਲਨ ਸਮੇਤ ਰੋਸ ਧਰਨੇ ਤੇ ਪ੍ਰਦਰਸ਼ਨ ਜਾਰੀ ਰਹਿਣਗੇ। ਕੈਪਟਨ ਨੰਦ ਲਾਲ ਮਾਜਰੀ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੈਨਿਕਾਂ ਨਾਲ ਕੀਤੇ ਵਾਅਦੇ ਤੋਂ ਭੱਜ ਚੁੱਕੀ ਹੈ ਅਤੇ ਇਸੇ ਤਰ੍ਹਾਂ ਕਿਸਾਨਾਂ ਨਾਲ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਕੇ ਮੁਕਰ ਗਈ ਤੇ ਹੁਣ ਖੇਤੀ ਕਾਨੂੰਨ ਲਿਆ ਕੇ ਆਪਣੇ ਸਹਿਯੋਗੀ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਇਸ ਮੌਕੇ ਕੈਪਟਨ ਨਰਿੰਦਰ ਸਿੰਘ, ਸੂਬੇਦਾਰ ਮੇਜਰ ਮੋਹਿੰਦਰਪਾਲ, ਰਾਮ ਮੋਹਨ, ਹਰੀ ਸਿੰਘ, ਜਗਰੂਪ ਸਿੰਘ, ਬਹਾਦਰ ਸਿੰਘ, ਗੁਰਬਖ਼ਸ਼ ਸਿੰਘ, ਕੁਲਵੰਤ ਸਿੰਘ, ਗੁਰਦਿਆਲ ਸਿੰਘ ਤੇ ਨਾਇਕ ਬਲਜੀਤ ਸਿੰਘ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰਾ ਸਿੰਘ, ਬਲਦੇਵ ਸਿੰਘ ਭੰਗੂ ਜਲਣਪੁਰ, ਗੁਰਮੀਤ ਸਿੰਘ ਜਰਗ, ਨਿਰਮਲ ਸਿੰਘ ਦਾਊਦਪੁਰ, ਨੰਬਰਦਾਰ ਨਰਪਿੰਦਰ ਸਿੰਘ ਰੋਣੀ ਹਾਜ਼ਰ ਸਨ।

ਜਗਰਾਉਂ (ਚਰਨਜੀਤ ਿਸੰਘ ਢਿੱਲੋਂ): ਰੇਲਵੇ ਸਟੇਸ਼ਨ ’ਤੇ 26ਵੇਂ ਦਿਨ ਵੀ ਜਾਰੀ ਦਿਨ-ਰਾਤ ਦੇ ਧਰਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜ੍ਹੇ ਹੱਥੀ ਲੈਂਦਿਆਂ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਪ੍ਰਮਾਣਿਤ ਦਲਾਲ ਕਰਾਰ ਦਿੰਦਿਆਂ ਦਿਲ ਖੋਲ੍ਹ ਕੇ ਭੰਡਿਆ। ਮਾਲ ਗੱਡੀਆਂ ਬੰਦ ਕਰਨ ਦੇ ਫੁਰਮਾਨ ਤੋਂ ਖਿਝੇ ਕਿਸਾਨ ਆਗੂ ਹਰਦੀਪ ਗਾਲਿਬ ਨੇ ਆਖਿਆ ਕਿ ਅਸੀਂ ਉਨ੍ਹਾਂ ਸ਼ਹੀਦਾਂ ਦੇ ਵਾਰਸ ਹਾਂ, ਜਿਨ੍ਹਾਂ ਨੂੰ ਅੰਗਰੇਜ਼ ਨੇ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਵੀ ਡੱਕ ਕੇ ਦੇਖ ਲਿਆ ਸੀ ਪਰ ਆਪਣੀ ਈਨ ਨਹੀਂ ਮਨਵਾ ਸਕੇ ਸਨ। ਮੋਦੀ ਹਕੂਮਤ ਦੇ ਸਾਰੇ ਹਰਬਿਆਂ ਦੇ ਬਾਵਜੂਦ ਕਿਸਾਨ ਅੰਦੋਲਨ ਹੋਰ ਤਿੱਖਾ ਹੋਵੇਗਾ। ਕੰਵਲਜੀਤ ਖੰਨਾ ਨੇ ਆਖਿਆ ਕਿ ਬਿਹਾਰ 14 ਵਰ੍ਹੇ ਪਹਿਲਾਂ ਸਰਕਾਰੀ ਖਰੀਦ ਅਤੇ ਸਮਰਥਨ ਮੁੱਲ ਖਤਮ ਕਰ ਚੁੱਕਾ ਹੈ। ਉੱਥੇ ਖੇਤੀ ਕਨੂੰਨ ਦੇ ਫਾਇਦੇ ਗਿਣਾਉਣ ਦੀ ਥਾਂ ਮੁਫ਼ਤ ਵੈਕਸੀਨ ਵੰਦਣ ਦੇ ਜੁਮਲੇ ਛੱਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਵੈਕਸੀਨ ਅਜੇ ਆਈ ਹੀ ਨਹੀਂ, ਉਸ ਦਾ ਸਿਆਸੀ ਮੁੱਲ ਵੱਟਿਆ ਜਾ ਰਿਹਾ ਹੈ। ਧਰਨੇ ਨੂੰ ਜਗਦੀਸ਼ ਸਿੰਘ, ਇੰਦਰਜੀਤ ਧਾਲੀਵਾਲ, ਮਦਨ ਸਿੰਘ, ਬਲਵਿੰਦਰ ਕਮਲਾਪੁਰਾ, ਬੂਟਾ ਸਿੰਘ ਬੁਰਜ਼ਗਿੱਲ, ਗੁਰਇਕਬਾਲ ਰੂੰਮੀ, ਹਰਚੰਦ ਢੋਲਣ ਨੇ ਸੰਬੋਧਨ ਕੀਤਾ।

ਲੁਧਿਆਣਾ (ਸਤਵਿੰਦਰ ਬਸਰਾ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਬੀਤੀ ਸ਼ਾਮ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਮੋਦੀ, ਅਡਾਨੀ-ਅੰਬਾਨੀ, ਅਮਿਤ ਸ਼ਾਹ, ਰਾਜ ਨਾਥ, ਯੋਗੀ ਆਦਿ ਸਮੇਤ ਪੂਰੇ 10 ਸਿਰਾਂ ਵਾਲਾ ਪੁਤਲਾ ਬਣਾ ਕੇ ਫੂਕਿਆ ਗਿਆ। ਕਨਫੈਡਰੇਸ਼ਨ ਆਫ ਪੀਏਯੂ ਪੈਨਸ਼ਨਰਜ ਐਸੋਸੀਏਸਨਜ ਦੇ ਪ੍ਰਧਾਨ ਡਾ. ਸਰਜੀਤ ਸਿੰਘ ਗਿੱਲ ਨੇ ਕਿਸਾਨੀ ਸੰਘਰਸ਼ ਨੂੰ ਸਹੀ ਕਦਮ ਕਰਾਰ ਦਿੰਦਿਆਂ ਕਿਹਾ ਕਿ ਸਰਕਾਰੀ ਮੰਡੀਆਂ ਖਤਮ ਕਰਨ ਲਈ ਨਿੱਜੀ ਅਦਾਰਿਆਂ ਨੂੰ ਖੁੱਲ੍ਹ ਦੇਣ ਦੀ ਨੀਤੀ ਪੇਂਡੂ ਖੇਤਰ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ। ਇਸ ਨਾਲ ਮੰਡੀ ਬੋਰਡ ਵੱਲੋਂ ਪੇਂਡੂ ਸੜਕਾਂ ਆਦਿ ਦੇ ਵਿਕਾਸ ਲਈ ਦਿੱਤਾ ਜਾਂਦਾ ਫੰਡ ਬੰਦ ਹੋ ਜਾਵੇਗਾ। ਕਿਸਾਨ ਆਗੂ ਪ੍ਰੋ. ਜੈ ਪਾਲ ਸਿੰਘ ਨੇ ਕਿਹਾ ਕਿ ਇਹ ਲੜਾਈ ਕਿਸਾਨਾਂ ਦੇ ਨਾਲ ਮਜ਼ਦੂਰਾਂ, ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ ਅਤੇ ਦਸਤਕਾਰਾਂ ਦੀ ਵੀ ਹੈ। ਉੱਘੇ ਸਮਾਜ ਚਿੰਤਕ ਬਲਕੌਰ ਸਿੰਘ ਗਿੱਲ ਨੇ ਕਿਸਾਨੀ ਸੰਘਰਸ਼ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਣ ਲਈ ਰਹਿ ਗਈਆਂ ਘਾਟਾਂ ਪੂਰੀਆਂ ਕਰਨ ਦੇ ਸੁਝਾਅ ਦਿੱਤੇ। ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਇਕ ਹੋਰ ਆਜ਼ਾਦੀ ਸੰਗਰਾਮ ਲੜਨ ਦਾ ਸੱਦਾ ਦਿੱਤਾ। ਕਰਨਲ ਜੇ ਐਸ ਬਰਾੜ ਨੇ ਕਿਸਾਨੀ ਸ਼ੰਘਰਸ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਸੁਝਾਅ ਦਿੰਦਿਆਂ ਲੋਕਾਂ ਦਾ ਧੰਨਵਾਦ ਕੀਤਾ। ਅੰਤ 18 ਫੁੱਟ ਉੱਚੇ ਪੁਤਲੇ ਨੂੰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਫੂਕਿਆ ਗਿਆ।

ਕਿਸਾਨਾਂ ਨੇ ਮੋਦੀ ਤੇ ਪੂੰਜੀਪਤੀਆਂ ਦੇ ਪੁਤਲੇ ਫੂਕੇ

ਪਿੰਡ ਅੱਚਰਵਾਲ ਵਿੱਚ ਮੋਦੀ ਤੇ ਪੂੰਜੀਪਤੀਆਂ ਦੇ ਪੁਤਲੇ ਸਾੜਦੇ ਹੋਏ ਲੋਕ।

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਨੇੜਲੇ ਪਿੰਡ ਅੱਚਰਵਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾ. ਤਾਰਾ ਸਿੰਘ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਅਤੇ ਪੂੰਜੀਪਤੀਆਂ ਦਾ ਪੁਤਲਾ ਫੂਕਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਮਾ. ਤਾਰਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਝ ਧਨਾਢਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਜਗਰਾਓਂ ਰੇਲਵੇ ਸਟੇਸ਼ਨ ’ਤੇ ਪਿਛਲੇ ਦਿਨਾਂ ਤੋਂ ਚੱਲ ਰਹੇ ਰੋਸ ਧਰਨੇ ਵਿਚ 27 ਅਕਤੂਬਰ ਨੂੰ ਪਿੰਡਾਂ ਵਿੱਚੋਂ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੀਆਂ। ਇਸੇ ਦੌਰਾਨ ਪਿੰਡ ਜੌਹਲਾਂ ਵਿੱਚ ਆਲ ਇੰਡੀਆ ਕਿਸਾਨ ਸਭਾ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਧਾਨ ਕਾ. ਕੁਲਦੀਪ ਸਿੰਘ ਜੌਹਲਾਂ, ਕਾ. ਜਸਵੀਰ ਸਿੰਘ ਫੌਜੀ, ਕਾ. ਕੁਲਦੀਪ ਸਿੰਘ ਸੋਨੀ, ਕਾ. ਗੁਰਮੀਤ ਸਿੰਘ ਜੀਤਾ, ਕਾ. ਨਿਰਮਲ ਸਿੰਘ ਬੀਲਾ, ਕਾ ਸੁਖਦੇਵ ਸਿੰਘ ਮਿਸਤਰੀ, ਬਹਾਦਰ ਸਿੰਘ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All