ਸਤਵਿੰਦਰ ਬਸਰਾ
ਲੁਧਿਆਣਾ, 4 ਜੂਨ
ਸਰਕਾਰ ਵੱਲੋਂ ਸਾਰੇ ਵਪਾਰਕ ਅਦਾਰੇ ਸਵੇਰੇ 7 ਤੋਂ ਸ਼ਾਮ 7 ਵਜੇ ਤਕ ਖੋਲ੍ਹਣ ਦੇ ਹੁਕਮ ਜਾਰੀ ਕਰਨ ਦੇ ਬਾਵਜੂਦ ਜਿਮ ਨਾ ਖੋਲ੍ਹਣ ਦੇਣ ਦੇ ਵਿਰੋਧ ਵਿੱਚ ਅੱਜ ਇੱਥੇ ਲੁਧਿਆਣਾ ਦੇ ਜਿਮ ਮਾਲਕਾਂ ਨੇ ਸੜਕ ਕਿਨਾਰੇ ਖੁੱਲ੍ਹੇ ਵਿੱਚ ਕਸਰਤ ਕਰ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।
ਜਿਮ ਏਕਤਾ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਸਥਾਨਕ ਜਲੰਧਰ ਬਾਈਪਾਸ ਨੇੜੇ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਦੇ ਵੱਡੀ ਗਿਣਤੀ ਜਿਮ ਮਾਲਕਾਂ ਨੇ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰਜੋਤ ਨੇ ਕਿਹਾ ਕਿ ਸਰਕਾਰ ਨੇ ਦਿਨ ਦਾ ਲੌਕਡਾਊਨ ਖ਼ਤਮ ਕਰ ਕੇ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਹੈ ਪਰ ਜਿਮ ਮਾਲਕਾਂ ਨੂੰ ਜਿਮ ਨਹੀਂ ਖੋਲ੍ਹਣ ਦੇ ਰਹੀ ਜਿਸ ਕਰਕੇ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਲੱਗੇ ਹਨ। ਪ੍ਰਧਾਨ ਮੋਨੂੰ ਸਭਰਵਾਲ ਨੇ ਕਿਹਾ ਕਿ ਬਹੁਤੇ ਜਿਮ ਕਿਰਾਏ ਦੀਆਂ ਥਾਵਾਂ ’ਤੇ ਚਲਦੇ ਹਨ, ਕਈਆਂ ਨੇ ਤਾਂ ਕਰਜ਼ੇ ਲੈ ਕੇ ਕਸਰਤ ਵਾਲਾ ਸਾਮਾਨ ਪਾਇਆ ਹੋਇਆ ਹੈ। ਕਰੋਨਾ ਕਰਕੇ ਪਿਛਲੇ ਕਰੀਬ ਢਾਈ ਮਹੀਨੇ ਤੋਂ ਇਸ ਕਿੱਤੇ ਨਾਲ ਜੁੜੇ ਲੋਕ ਤਰਸ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਜਿਮ ਦਾ ਕੰਮ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਹੁਣ ਤਾਂ ਉਨ੍ਹਾਂ ਨੂੰ ਬੈਂਕਾਂ ਦੀਆਂ ਕਿਸ਼ਤਾਂ ਮੋੜਣੀਆਂ ਵੀ ਮੁਸ਼ਕਿਲ ਹੋ ਗਈਆਂ ਹਨ।
ਚੇਅਰਮੈਨ ਪ੍ਰਦੀਪ ਅੱਪੂ ਅਤੇ ਨਵਨੀਤ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀ ਹੋਰਨਾਂ ਅਦਾਰਿਆਂ ਦੀ ਤਰ੍ਹਾਂ ਜਿਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਪਹਿਲਾਂ ਦੁਪਹਿਰ ਸਮੇਂ ਵੀ ਜਿਮ ਮਾਲਕਾਂ ਦੀ ਇਕ ਹੋਰ ਜਥੇਬੰਦੀ ਵੱਲੋਂ ਸਥਾਨਕ ਜਗਰਾਉਂ ਪੁਲ ਨੇੜੇ ਹੱਥਾਂ ਵਿੱਚ ਕਟੋਰੇ ਫੜ ਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਇਨ੍ਹਾਂ ਦਾ ਕਹਿਣਾ ਸੀ ਕਿ ਮਨੁੱਖੀ ਸਰੀਰ ਨੂੰ ਨੁਕਸਾਨ ਕਰਦੀ ਸ਼ਰਾਬ ਦੇ ਠੇਕੇ ਤਾਂ ਸਰਕਾਰ ਨੇ ਲੌਕਡਾਉਨ ਦੌਰਾਨ ਬੰਦ ਨਹੀਂ ਕੀਤੇ ਪਰ ਜਿਨ੍ਹਾਂ ਜਿਮਾਂ ਵਿੱਚ ਨੌਜਵਾਨ ਕਸਰਤ ਕਰਨ ਲਈ ਜਾਂਦੇ ਹਨ ਉਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਕੀਤੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਜਿਮਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।
ਕਰੋਨਾਵਾਇਰਸ: ਦੋ ਸਾਲਾ ਬੱਚੀ ਸਣੇ ਸੱਤ ਹੋਰ ਪਾਜ਼ੇਟਿਵ
ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਲੁਧਿਆਣਾ ’ਚ ਅੱਜ ਕਰੋਨਾਵਾਇਰਸ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਰੀਜ਼ਾਂ ’ਚ ਡਾਕਟਰ ਜੋੜੇ ਦੀ ਦੋ ਸਾਲਾ ਧੀ ਵੀ ਸ਼ਾਮਲ ਹੈ। ਡਾਕਟਰ ਜੋੜਾ ਪਹਿਲਾਂ ਤੋਂ ਕਰੋਨਾਵਾਇਰਸ ਦੀ ਲਪੇਟ ’ਚ ਆਇਆ ਹੋਇਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ’ਚ ਹੁਣ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 210 ਹੋ ਗਈ ਹੈ, ਜਦੋਂ ਕਿ ਨੌਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਸੱਤ ਮਰੀਜ਼ਾਂ ’ਚੋਂ ਚਾਰ ਪਿੰਡ ਬੋਪੁਰ (ਖੰਨਾ) ਨਾਲ ਸਬੰਧਤ ਹਨ ਜਦੋਂ ਇੱਕ ਮਰੀਜ਼ ਪਿੰਡ ਮੇਹਰਬਾਨ ਨਾਲ ਸਬੰਧਤ ਹੈ। ਇਹ ਮਰੀਜ਼ ਛਾਉਣੀ ਮਹੁੱਲੇ ਵਿਚ ਕੋਰਨਾਵਾਇਰਸ ਕਾਰਨ ਮਰੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਇਲਾਵਾ ਖੰਨਾ ਵਾਸੀ ਦੋ ਸਾਲਾ ਬੱਚੀ ਵੀ ਕਰੋਨਾਵਾਇਰਸ ਪਾਜ਼ੇਟਿਵ ਪਾਈ ਗਈ ਹੈ ਜੋ ਕਿ ਮੋਹਨ ਦਈ ਕੈਂਸਰ ਹਸਪਤਾਲ ’ਚ ਇਲਾਜਅਧੀਨ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ 33 ਫੁੱਟਾ ਰੋਡ ਦਾ ਵਸਨੀਕ 48 ਸਾਲਾ ਵਿਅਕਤੀ ਵੀ ਪਾਜ਼ੇਟਿਵ ਆਇਆ ਹੈ, ਜਿਸ ਦਾ ਇਲਾਜ ਐੱਸਪੀਐੱਸ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ’ਚ 210 ਕੇਸ ਹੋ ਚੁੱਕੇ ਹਨ। ਸਿਹਤਮੰਦ ਹੋਣ ਤੋਂ ਬਾਅਦ ਅੱਜ ਸੱਤ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ’ਚੋਂ ਚਾਰ ਵਿਅਕਤੀ ਜ਼ਿਲ੍ਹਾ ਲੁਧਿਆਣਾ ਨਾਲ ਤੇ ਤਿੰਨ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਹਾਲੇ ਤੱਕ ਜ਼ਿਲ੍ਹਾ ਲੁਧਿਆਣਾ ’ਚ 154 ਦੇ ਕਰੀਬ ਲੋਕ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਵੀਰਵਾਰ ਨੂੰ ਸਿਹਤ ਵਿਭਾਗ ਦੀਆਂ 50 ਟੀਮਾਂ ਨੇ 222 ਲੋਕਾਂ ਦੀ ਸਕਰੀਨਿੰਗ ਕੀਤੀ ਜਿਨ੍ਹਾਂ ’ਚੋਂ 131 ਲੋਕਾਂ ਨੂੰ ਇਕਾਂਤਵਾਸ ’ਚ ਰਹਿਣ ਲਈ ਆਖਿਆ ਗਿਆ ਹੈ।