ਨਗਰ ਕੌਂਸਲ ਪਾਇਲ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਜਿੱਥੇ ਆਮ ਆਦਮੀ ਪਾਰਟੀ (ਆਪ) ਲਈ ਆਪਣਾ ਪ੍ਰਧਾਨ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਸਿਆਸੀ ਬਦਲਾਅ ਵਾਰਡ ਨੰਬਰ 1 ਤੋਂ ਕੌਂਸਲਰ ਬੀਬੀ ਦਾਨੋ ਰਾਣੀ ਵੱਲੋਂ ਕਾਂਗਰਸ ਨੂੰ ਅਲਵਿਦਾ ਆਖ ਕੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਆਇਆ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਕੁੱਲ 11 ਵਾਰਡਾਂ ਵਿੱਚੋਂ ਕਾਂਗਰਸ ਨੇ ਪੰਜ, ਆਮ ਆਦਮੀ ਪਾਰਟੀ ਨੇ ਤਿੰਨ, ਸ਼੍ਰੋਮਣੀ ਅਕਾਲੀ ਦਲ ਨੇ ਦੋ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਵਾਰਡ ਨੰਬਰ 3 ਤੋਂ ਜੇਤੂ ਆਜ਼ਾਦ ਕੌਂਸਲਰ ਬਲਜਿੰਦਰ ਕੌਰ ਵੀ ‘ਆਪ’ ਵਿੱਚ ਸ਼ਾਮਲ ਹੋ ਚੁੱਕੀ ਹੈ। ਹੁਣ ਬੀਬੀ ਦਾਨੋ ਰਾਣੀ ਦੇ ਆਉਣ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ ਪੰਜ ਹੋ ਗਈ ਹੈ। ਅਜਿਹੀ ਸਥਿਤੀ ਵਿੱਚ, ਜੇ ਪ੍ਰਧਾਨਗੀ ਦੀ ਚੋਣ ਲਈ ਵੋਟਾਂ ਬਰਾਬਰ ਹੁੰਦੀਆਂ ਹਨ, ਤਾਂ ਹਲਕਾ ਵਿਧਾਇਕ ਦੀ ਵੋਟ ‘ਆਪ’ ਦੇ ਪੱਖ ਵਿੱਚ ਫ਼ੈਸਲਾਕੁਨ ਸਾਬਤ ਹੋਵੇਗੀ।
ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੀਬੀ ਦਾਨੋ ਰਾਣੀ ਦਾ ਪਾਰਟੀ ਵਿੱਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕੌਂਸਲ ਵਿੱਚ ਬਹੁਮੱਤ ਹਾਸਲ ਹੋਣ ਨਾਲ ਹੁਣ ਪਾਇਲ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਕੌਂਸਲਰ ਇਕਜੁੱਟ ਹੋ ਕੇ ਕੰਮ ਕਰਨਗੇ। ਬੀਬੀ ਦਾਨੋ ਰਾਣੀ ਨੇ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਵਾਅਦਾ ਕੀਤਾ। ਇਸ ਮੌਕੇ ਐਡਵੋਕੇਟ ਅਭੈ ਸਿੰਘ ਬੈਂਸ, ਪ੍ਰਧਾਨ ਰਾਜਿੰਦਰ ਕੁਮਾਰ ਰਾਜੂ, ਮੇਜਰ ਸਿੰਘ ਅਤੇ ਪ੍ਰੀਤਮ ਸਿੰਘ ਮੌਜੂਦ ਸਨ।
