ਪੀ ਏ ਯੂ ਨੇ ਰੰਧਾਵਾ ਦੇ ਜਨਮ ਦਿਨ ’ਤੇ ਸਮਾਗਮ ਕਰਵਾਇਆ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਐੱਮ ਐੱਸ ਰੰਧਾਵਾ ਉਤਸਵ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਵਿਚਾਰਾਂ ਦੇ ਹਵਾਲੇ ਨਾਲ...
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਐੱਮ ਐੱਸ ਰੰਧਾਵਾ ਉਤਸਵ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਵਿਚਾਰਾਂ ਦੇ ਹਵਾਲੇ ਨਾਲ ਪੀ ਏ ਯੂ ਲਈ ਡਾ. ਰੰਧਾਵਾ ਦੇ ਯੋਗਦਾਨ ਨੂੰ ਯਾਦ ਕੀਤਾ। ’ਵਰਸਿਟੀ ਦੇ ਨੌਜਵਾਨ ਕਲਾਕਾਰਾਂ ਨੇ ਵੱਖ-ਵੱਖ ਵੰਨਗੀਆਂ ਅਤੇ ਸ਼ੈਲੀਆਂ ਦੀ ਪੇਸ਼ਕਾਰੀ ਕਰਦੀ ਚਿਤਰ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ। ਇਹ ਕਲਾ ਪ੍ਰਦਰਸ਼ਨੀ ਸਾਰਾ ਦਿਨ ਲੱਗੀ ਰਹੀ। ਦਰਸ਼ਕਾਂ ਨੇ ਇਨ੍ਹਾਂ ਚਿੱਤਰਕਾਰਾਂ ਅਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਵਿਹੜੇ ਚਿੱਤਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਵਿਦਿਆਰਥੀਆਂ ਨੇ ਇਸ ਮੌਕੇ ਡਾ. ਰੰਧਾਵਾ ਬਾਰੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਜੀਵਨ ਅਤੇ ਦੇਣ ਸਬੰਧੀ ਭਾਸ਼ਣ ਅਤੇ ਕਵਿਤਾਵਾਂ ਪੜ੍ਹੀਆਂ।
ਪੀ ਏ ਯੂ ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਉਤਸਵ ਦਾ ਉਦਘਾਟਨ ਕਰਦਿਆਂ ਡਾ. ਰੰਧਾਵਾ ਦੇ ਜੀਵਨ ’ਤੇ ਚਾਨਣਾ ਪਾਇਆ। ਡਾ. ਗੋਸਲ ਨੇ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਪੰਜਾਬੀ ਇਤਿਹਾਸ ਦੇ ਅਜਿਹੇ ਮਹਾਨ ਹਸਤਾਖ਼ਰ ਹਨ ਜਿਨ੍ਹਾਂ ਦਾ ਜ਼ਿਕਰ ਕੀਤੇ ਬਗੈਰ ਵੰਡ ਤੋਂ ਬਾਅਦ ਦੇ ਖੇਤੀ ਅਤੇ ਸਮਾਜਿਕ ਇਤਿਹਾਸ ਨੂੰ ਮੁਕੰਮਲ ਕਰਨਾ ਅਸੰਭਵ ਹੈ। ਉਨ੍ਹਾਂ ਵੱਲੋਂ ਪਾਏ ਯੋਗਦਾਨ ਸਦਕਾ ਪੀ ਏ ਯੂ ਨੇ ਸੰਸਾਰ ਪੱਧਰ ’ਤੇ ਨਾਮਣਾ ਖੱਟਿਆ। ਡਾ. ਗੋਸਲ ਨੇ ਨੌਜਵਾਨ ਕਲਾਕਾਰਾਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਮਹਿੰਦਰ ਸਿੰਘ ਰੰਧਾਵਾ ਨੇ ਨਾ ਸਿਰਫ਼ ਵਿਗਿਆਨ ਦੇ ਖੇਤਰ ਵਿੱਚ ਬਲਕਿ ਕਲਾ ਦੇ ਖੇਤਰ ਵਿੱਚ ਵੀ ਵੱਡੇ ਚਿੱਤਰਕਾਰਾਂ, ਲੇਖਕਾਂ ਅਤੇ ਨਾਟ ਕਰਮੀਆਂ ਦੀ ਪੁਸ਼ਤਪਨਾਹੀ ਕੀਤੀ।
ਸਮਾਪਤੀ ਸਮਾਰੋਹ ਵਿੱਚ ਕੇਂਦਰੀ ਲਾਇਬ੍ਰੇਰੀ ਐੱਨ ਆਈ ਟੀ ਵਾਰੰਗਲ ਦੇ ਸਾਬਕਾ ਲਾਇਬ੍ਰੇਰੀਅਨ ਡਾ. ਕੇ ਵਿਰਾਂਜਨੀਯੁਲੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾਕ੍ਰਿਤਾਂ ਅਤੇ ਇਸ ਮੌਕੇ ਡਾ. ਰੰਧਾਵਾ ਬਾਰੇ ਵਿਚਾਰ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਡਾ. ਰੰਧਾਵਾ ਦੇ ਜੀਵਨ ਅਤੇ ਯੂਨੀਵਰਸਿਟੀ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਉੱਪਰ ਚਾਨਣਾ ਪਾਇਆ। ਡੀਨ ਪੋਸਟ-ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਡਾ. ਰੁਪਿੰਦਰ ਕੌਰ ਤੂਰ, ਗੁਰਪ੍ਰੀਤ ਤੂਰ, ਡਾ. ਯੋਗਿਤਾ ਸ਼ਰਮਾ, ਡਾ. ਅਭਿਸ਼ੇਕ ਆਦਿ ਹਾਜ਼ਰ ਸਨ।

