ਪੀ ਏ ਯੂ ਐਂਪਲਾਈਜ਼ ਯੂਨੀਅਨ ਦੀ ਮੀਟਿੰਗ
ਪੀ ਏ ਯੂ ਐਂਪਲਾਈਜ਼ ਯੂਨੀਅਨ ਦੀ ਐਗਜ਼ੈਕਟਿਵ ਕੌਂਸਲ ਵੱਲੋਂ ਪੀ ਏ ਯੂ ਐਂਪਲਾਈਜ਼ ਯੂਨੀਅਨ ਦੀਆਂ 2026-28 ਦੀਆਂ ਚੋਣਾਂ ਕਰਵਾਉਣ ਲਈ ਅੱਜ ਜਨਰਲ ਬਾਡੀ ਮੀਟਿੰਗ ਕਰਵਾਈ ਗਈ। ਇਸ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਐਗਜ਼ੈਕਟਿਵ ਕੌਂਸਲ ਦੀ ਦੋ ਸਾਲ...
ਪੀ ਏ ਯੂ ਐਂਪਲਾਈਜ਼ ਯੂਨੀਅਨ ਦੀ ਐਗਜ਼ੈਕਟਿਵ ਕੌਂਸਲ ਵੱਲੋਂ ਪੀ ਏ ਯੂ ਐਂਪਲਾਈਜ਼ ਯੂਨੀਅਨ ਦੀਆਂ 2026-28 ਦੀਆਂ ਚੋਣਾਂ ਕਰਵਾਉਣ ਲਈ ਅੱਜ ਜਨਰਲ ਬਾਡੀ ਮੀਟਿੰਗ ਕਰਵਾਈ ਗਈ। ਇਸ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਐਗਜ਼ੈਕਟਿਵ ਕੌਂਸਲ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਇਸ ਮੀਟਿੰਗ ’ਚ ਜਨਰਲ ਹਾਊਸ ਅੱਗੇ ਕਈ ਮਤੇ ਵੀ ਪੇਸ਼ ਕੀਤੇ ਗਏ। ਇਨ੍ਹਾਂ ਵਿੱਚ ਯੂਨੀਅਨ ਦੀਆਂ 2026-28 ਦੀਆਂ ਚੋਣਾਂ ਸੰਵਿਧਾਨ ਅਨੁਸਾਰ 27 ਫਰਵਰੀ ਨੂੰ ਕਰਵਾਉਣ, ਅਸਿਸਟੈਂਟ ਰਜਿਸਟਰਾਰ ਜਗਜੀਤ ਸਿੰਘ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾਉਣ, ਮੈਂਬਰਸ਼ਿਪ 100 ਰੁਪਏ ਫਿਕਸ ਕਰਨ, ਸੰਵਿਧਾਨ ਦੇ ਮੁਤਾਬਕ ਪੀ ਏ ਯੂ ਲੁਧਿਆਣਾ ਵਿੱਚ ਕੰਮ ਕਰਦੇ ਮੁਲਾਜ਼ਮ ਮੈਂਬਰ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਦੇਣਾ ਆਦਿ ਸ਼ਾਮਲ ਸਨ। ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਉਪਰੋਕਤ ਮਤਿਆਂ ’ਤੇ ਜਨਰਲ ਹਾਊਸ ਤੋਂ ਮਨਜ਼ੂਰੀ ਲਈ। ਸਮੂਹ ਮੁਲਾਜ਼ਮਾਂ ਨੇ ਹੱਥ ਖੜ੍ਹੇ ਕਰ ਕੇ ਇਸ ਦੀ ਪ੍ਰਵਾਨਗੀ ਦਿੱਤੀ। ਇਸ ਤੋਂ ਬਾਅਦ ਸ੍ਰੀ ਵਾਲੀਆ ਨੇ ਰਿਪੋਰਟ ’ਤੇ ਹੋਈ ਬਹਿਸ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।
ਸਤਿਗੁਰੂ ਰਾਮ ਸਿੰਘ ਨੂੰ ਸਮਰਪਿਤ ਸਮਾਗਮ
ਲੁਧਿਆਣਾ: ਸਤਿਗੁਰੂ ਰਾਮ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸੰਤ ਪੰਚਮੀ ਸਮਾਗਮ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿੱਚ ਕਰਵਾਇਆ ਗਿਆ। ਇਸ ਵਿੱਚ ਨਾਮਧਾਰੀ ਭਾਈਚਾਰੇ ਅਤੇ ਸੰਗਤ ਨੇ ਸ਼ਮੂਲੀਅਤ ਕੀਤੀ। ਅਖੰਡ ਪਾਠ ਦੇ ਭੋਗ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਰਾਗੀ ਜਥਾ ਗੁਰਸੇਵਕ ਸਿੰਘ, ਰਾਗੀ ਸੁੰਦਰ ਸਿੰਘ ਲੁਧਿਆਣਾ ਅਤੇ ਦੀਵਾਨ ਦੀ ਹਾਜ਼ਰੀ ਸੂਬਾ ਸੰਦੀਪ ਸਿੰਘ ਦੇ ਜਥੇ ਵੱਲੋਂ ਨਿਭਾਈ ਗਈ। ਗੁਰਦੁਆਰੇ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ, ਚੇਅਰਮੈਨ ਹਰਜਿੰਦਰ ਸਿੰਘ ਸੰਧੂ ਅਤੇ ਭਗਵੰਤ ਸਿੰਘ ਨਾਮਧਾਰੀ ਨੇ ਰਾਗੀ ਜਥਿਆਂ ਨੂੰ ਸਿਰਪਾਓ ਭੇਟ ਕੀਤੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਸਿੰਘ ਨਾਮਧਾਰੀ, ਗਿਆਨੀ ਜੋਗਿੰਦਰ ਸਿੰਘ, ਪੰਡਤ ਜਗਮੋਹਨ ਸਿੰਘ, ਜਸਪਾਲ ਸਿੰਘ ਸੰਗੀਤ ਸਿਨੇਮਾ, ਜਥੇਦਾਰ ਮਨਜੀਤ ਸਿੰਘ, ਹਰਭਜਨ ਸਿੰਘ ਸੌਂਦ, ਨਿਰਮਲ ਸਿੰਘ ਭੱਟੀ, ਗੁਰਸੇਵਕ ਸਿੰਘ, ਸੁੰਦਰ ਸਿੰਘ, ਗੁਰਬਚਨ ਸਿੰਘ, ਮਨਜੀਤ ਸਿੰਘ ਜੰਡੂ, ਠੇਕੇਦਾਰ ਗੁਰਮੀਤ ਸਿੰਘ, ਬਲਵੀਰ ਸਿੰਘ ਨਾਮਧਾਰੀ ਅਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦਾ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਚੇਅਰਮੈਨ ਹਰਜਿੰਦਰ ਸਿੰਘ ਸੰਧੂ, ਕੌਂਸਲਰ ਸੋਹਣ ਸਿੰਘ ਗੋਗਾ ਦਾ ਵੀ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ
ਗੁਰੂ ਸਾਹਿਬਾਨ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ
ਮਾਛੀਵਾੜਾ: ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਗੁਰੂ ਹਰਿਰਾਇ ਅਤੇ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਦਰਬਾਰ ਸਾਹਿਬ ਤੋਂ ਪੁੱਜੇ ਭਾਈ ਗੁਰਪ੍ਰੀਤ ਸਿੰਘ ਨੇ ਕਥਾ ਪ੍ਰਵਾਹ ਚਲਾਇਆ। ਗੁਰਦੁਆਰੇ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਲਾਕੇ ਦੀ ਸੰਗਤ ਅਤੇ ਐੱਸ ਜੀ ਪੀ ਸੀ ਦੇ ਸਹਿਯੋਗ ਨਾਲ ਕਰਵਾਏ ਧਾਰਮਿਕ ਸਮਾਰੋਹ ਦੀ ਸ਼ੁਰੂਆਤ ਮੌਕੇ ਹਜ਼ੂਰੀ ਰਾਗੀ ਭਾਈ ਜਸਦੇਵ ਸਿੰਘ, ਭਾਈ ਸੁਖਵੀਰ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਨੇ ਕੀਰਤਨ ਕੀਤਾ। ਇਸ ਉਪਰੰਤ ਭਾਈ ਗੁਰਪ੍ਰੀਤ ਸਿੰਘ ਨੇ ਸੰਗਤ ਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਬਾ ਮੋਹਣ ਸਿੰਘ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਪ੍ਰਧਾਨ ਜਸਵੀਰ ਢਿੱਲੋਂ, ਹਰਦੀਪ ਸਿੰਘ ਗੁਰੂਗੜ੍ਹ, ਜੋਗਿੰਦਰ ਸਿੰਘ ਪੱਪੀ, ਭਾਈ ਅਮਰਜੀਤ ਸਿੰਘ, ਲੰਗਰ ਇੰਚਾਰਜ ਬਿੰਦਰ ਸਿੰਘ, ਹਰਬੰਤ ਸਿੰਘ ਮੁੱਤੋਂ ਵੀ ਮੌਜੂਦ ਸਨ। ਸੰਗਤ ਲਈ ਅਤੁੱਟ ਲੰਗਰ ਵਰਤਾਇਆ ਗਿਆ। -ਪੱਤਰ ਪ੍ਰੇਰਕ

