Ludhiana: ਪਰਵਿੰਦਰ ਕਤਲ ਮਾਮਲਾ: ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪੰਜਾਬ ਬੰਦ ਦੇ ਸੱਦੇ ਦਾ ਅਸਰ ਸਨਅਤੀ ਸ਼ਹਿਰ ਵਿੱਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਲੈ ਕੇ ਅੰਦਰੂਨੀ ਬਜ਼ਾਰਾਂ ਤੱਕ ਦੁਕਾਨਾਂ ਮੁਕੰਮਲ...
ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪੰਜਾਬ ਬੰਦ ਦੇ ਸੱਦੇ ਦਾ ਅਸਰ ਸਨਅਤੀ ਸ਼ਹਿਰ ਵਿੱਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਲੈ ਕੇ ਅੰਦਰੂਨੀ ਬਜ਼ਾਰਾਂ ਤੱਕ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਹਾਲਾਂਕਿ ਸਵੇਰ ਵੇਲੇ ਕਈ ਇਲਾਕਿਆਂ ਵਿੱਚ ਦੁਕਾਨਾਂ ਖੁੱਲ੍ਹੀਆਂ ਸਨ, ਪਰ ਪ੍ਰਦਰਸ਼ਨਕਾਰੀਆਂ ਦੇ ਮੁਜ਼ਾਹਰੇ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ। ਮੁਜ਼ਾਹਰੇ ਦੌਰਾਨ ਸ਼ਹਿਰ ਵਿੱਚ ਕਿਸੇ ਵੀ ਥਾਂ ਰੇਹੜੀ-ਫੜ੍ਹੀ ਤੱਕ ਨਹੀਂ ਲੱਗਣ ਦਿੱਤੀ ਗਈ। ਕਈ ਥਾਵਾਂ ’ਤੇ ਜਦੋਂ ਜ਼ਬਰੀ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ ਤਾਂ ਪੁਲੀਸ ਮਹਿਜ਼ ਮੂਕ ਦਰਸ਼ਕ ਬਣ ਕੇ ਦੇਖਦੀ ਨਜ਼ਰ ਆਈ। ਸ਼ਹਿਰ ਦੇ ਸਮਰਾਲਾ ਚੌਕ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਅਤੇ ਇਸ ਦੌਰਾਨ ਵਾਹਨਾਂ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਰੋਕ ਦਿੱਤੀ ਗਈ। ਸ਼ਹਿਰ ਦੇ ਪ੍ਰਮੁੱਖ ਵਪਾਰਕ ਖੇਤਰਾਂ ਜਿਵੇਂ ਚੌੜਾ ਬਾਜ਼ਾਰ, ਸ਼ਿੰਗਾਰ ਸਿਨੇਮਾ ਰੋਡ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਬਸਤੀ ਜੋਧੇਵਾਲ, ਰਾਹੋਂ ਰੋਡ, ਸ਼ਿਵਾਜੀ ਨਗਰ, ਹੈਬੋਵਾਲ ਜੱਸੀਆਂ ਰੋਡ, ਫ਼ਿਰੋਜ਼ਪੁਰ ਰੋਡ, ਘੁਮਾਰ ਮੰਡੀ ਅਤੇ ਸਰਾਭਾ ਨਗਰ ਸਮੇਤ ਕਈ ਪ੍ਰਮੁੱਖ ਬਾਜ਼ਾਰ ਮੁਕੰਮਲ ਬੰਦ ਰਹੇ। ਦੁਕਾਨਦਾਰ ਦੁਕਾਨਾਂ ਦੇ ਬਾਹਰ ਤਾਂ ਖੜ੍ਹੇ ਦਿਖਾਈ ਦਿੱਤੇ, ਪਰ ਸ਼ਟਰ ਹੇਠਾਂ ਸੁੱਟੇ ਹੋਏ ਸਨ। ਇਸੇ ਦੌਰਾਨ ਪੰਜਾਬ ਦਾ ਮੁੱਖ ਲਾਡੋਵਾਲ ਟੌਲ ਪਲਾਜ਼ਾ ਵੀ ਬੰਦ ਰਿਹਾ ਅਤੇ ਉੱਥੋਂ ਲੰਘਣ ਵਾਲੇ ਸਾਰੇ ਵਾਹਨ ਬਿਨਾਂ ਟੌਲ ਅਦਾ ਕੀਤੇ ਮੁਫ਼ਤ ਹੀ ਲੰਘਦੇ ਰਹੇ। ਸਵੇਰ ਵੇਲੇ ਸ਼ਹਿਰ ਵਿੱਚ ਆਮ ਵਾਂਗ ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋਏ ਸਨ, ਪਰ ਕੁਝ ਹੀ ਸਮੇਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਬਾਜ਼ਾਰਾਂ ਵਿੱਚ ਖ਼ਬਰ ਪੁੱਜਦਿਆਂ ਹੀ ਹੋਰਨਾਂ ਦੁਕਾਨਦਾਰਾਂ ਨੇ ਵੀ ਸ਼ਟਰ ਸੁੱਟ ਦਿੱਤੇ ਤੇ ਘਰ ਨੂੰ ਚਲੇ ਗਏ। ਕਤਲ ਕਾਂਡ ਦੇ ਵਿਰੋਧ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਵਿਰੋਧੀ ਧਿਰਾਂ ਦੇ ਸੱਦੇ ’ਤੇ ਬੁਲਾਏ ਗਏ ਇਸ ਬੰਦ ਨੂੰ ਸ਼ਹਿਰ ਭਰ ਵਿੱਚ ਭਰਵਾਂ ਸਮਰਥਨ ਹਾਸਲ ਹੋਇਆ। ਜ਼ਿਕਯੋਗ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ਵਿੱਚ ਪ੍ਰਬੰਧਕਾਂ ਨੇ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ।
ਖੰਨਾ/ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਖੰਨਾ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਦੁਕਾਨਾਂ ਬੰਦ ਰੱਖ ਕੇ ਪੰਜਾਬ ਬੰਦ ਦਾ ਪੂਰਨ ਸਮਰਥਨ ਕੀਤਾ। ਇਸ ਮੌਕੇ ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ ਨੇ ਨਸ਼ਿਆਂ ਵਿਰੁੱਧ ਅਵਾਜ਼ ਚੁੱਕਣ ਵਾਲਿਆਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਨਸ਼ਿਆਂ ਦੇ ਵਪਾਰ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਦੇ ਕਤਲ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸੇ ਤਰ੍ਹਾਂ ਦੋਰਾਹਾ ਵਿਖੇ ਵੱਖ ਵੱਖ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖੇ। ਇਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਹੇਠਾਂ ਵੱਖ ਵੱਖ ਜਥੇਬੰਦੀਆਂ ਨੇ ਸ਼ਹਿਰ ਰੋਸ ਮਾਰਚ ਕਰਦਿਆਂ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਅਤੇ ਨਸ਼ਿਆਂ ਵਿਰੋਧੀ ਮੁਹਿੰਮ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਦੀ ਅਣਖ ਮਾਰਨ ਲਈ ਇਸ ਨਸ਼ਿਆਂ ਦੀ ਹਨੇਰੀ ਲਈ ਹਕੂਮਤ, ਪੁਲੀਸ, ਨਸ਼ਾ ਤਸਕਰਾਂ ਤੇ ਡਰੱਗ ਇੰਸਪੈਕਟਰਾਂ ਦਾ ਗੱਠਜੋੜ ਜ਼ਿੰਮੇਵਾਰ ਹੈ।
ਡੇਹਲੋਂ (ਪ੍ਰੀਤਮ ਸਿੰਘ): ਡੇਹਲੋਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੰਜਾਬ ਬੰਦ ਭਰਵਾਂ ਹੁੰਗਾਰ ਮਿਲਿਆ। ਇਸ ਦੌਰਾਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਰਾਜਨੀਤਕ ਆਗੂਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਸਵੇਰੇ 9 ਵਜੇ ਤੋਂ ਮੁੱਖ ਚੌਕ ਡੇਹਲੋਂ, ਪੋਹੀੜ, ਆਲਮਗੀਰ, ਗਿੱਲ ਅਤੇ ਕਿਲਾ ਰਾਏਪੁਰ ਵਿੱਚ ਲੋਕਾਂ ਨੇ ਆਪ ਮੁਹਾਰੇ ਇਕੱਠੇ ਹੋ ਕੇ ਆਵਾਜਾਈ ਬੰਦ ਕਰ ਦਿੱਤੀ। ਬਾਜ਼ਾਰ ਮੁਕੰਮਲ ਬੰਦ ਰਹੇ। ਮੁੱਖ ਚੌਕ ਡੇਹਲੋਂ ਵਿੱਚ ਇਕੱਤਰ ਲੋਕਾਂ ਨੂੰ ਅਧਿਆਪਕਾ ਆਗੂ ਅਜੀਤਪਾਲ ਸਿੰਘ ਜੱਸੋਵਾਲ, ਕਿਸਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਜਗਦੀਪ ਸਿੰਘ ਘਵੱਦੀ, ਭਾਗ ਸਿੰਘ ਸ਼ਰੀਂਹ, ਹਰਪ੍ਰੀਤ ਸਿੰਘ ਸਿੰਮਕ , ਗੁਰਜੀਤ ਸਿੰਘ ਲਹਿਰਾ, ਬਾਬਾ ਬੇਅੰਤ ਸਿੰਘ ਰੁੜਕਾ , ਯੂਥ ਆਗੂ ਮਨਜੋਤ ਸਿੰਘ ਡੇਹਲੋਂ ਅਤੇ ਮਨਪ੍ਰੀਤ ਸਿੰਘ ਖਾਲਸਾ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਤਲ ਕਾਂਡ ਦੀ ਸੀ ਬੀ ਆਈ ਜਾਂਚ ਕੀਤੀ ਜਾਵੇ।
ਸਮਰਾਲਾ (ਪੱਤਰ ਪ੍ਰੇਰਕ): ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਮਰਾਲਾ ਮੁਕੰਮਲ ਤੌਰ ’ਤੇ ਬੰਦ ਰਿਹਾ। ਬੰਦ ਦੌਰਾਨ ਸ਼ਹਿਰ ਦੇ ਬਾਜ਼ਾਰਾਂ ਤੇ ਦੁਕਾਨਾਂ ਵਿੱਚ ਕਾਰੋਬਾਰ ਬੰਦ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਇਸ ਦੌਰਾਨ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਵੀ ਆਪਣੇ ਕਾਰੋਬਾਰ ਬੰਦ ਰੱਖੇ ਗਏ।
ਕਸਬਾ ਗੁਰੂਸਰ ਸੁਧਾਰ ਦੇ ਬਾਜ਼ਾਰ ’ਚ ਸੁੰਨ ਪੱਸਰੀ
ਗੁਰੂਸਰ ਸੁਧਾਰ (ਸੰਤੋਖ ਗਿੱਲ): ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਕਤਲ ਵਿਰੁੱਧ ਪੰਜਾਬ ਬੰਦ ਦੇ ਸੱਦੇ ਨੂੰ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਸੁਧਾਰ ਬਜ਼ਾਰ, ਹਲਵਾਰਾ, ਪੱਖੋਵਾਲ, ਜੋਧਾਂ ਸਮੇਤ ਪਿੰਡਾਂ ਦੀਆਂ ਛੋਟੀਆਂ ਮਾਰਕੀਟਾਂ ਵੀ ਮੁਕੰਮਲ ਬੰਦ ਰਹੀਆਂ। ਕਸਬੇ ਵਿੱਚ ਲੱਗਣ ਵਾਲੀਆਂ ਸਬਜ਼ੀ ਅਤੇ ਫਲ਼ਾਂ ਦੀਆਂ ਰੇਹੜੀਆਂ ਵੀ ਬੰਦ ਰਹੀਆਂ। ਦੁਪਹਿਰ ਤੱਕ ਕਸਬੇ ਦੇ ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਰਹੇ। ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਆਵਾਜਾਈ ਬਹੁਤ ਮੱਠੀ ਰਹੀ ਸਵੇਰਸਾਰ ਕੁਝ ਲੰਬੇ ਰੂਟ ਦੀਆਂ ਟਾਂਵੀਂ-ਟਾਂਵੀਂ ਬੱਸ ਜ਼ਰੂਰ ਚੱਲੀ ਪਰ ਬਾਅਦ ਵਿੱਚ ਸਾਰੀਆਂ ਬੱਸਾਂ ਬੰਦ ਰਹੀਆਂ ਅਤੇ ਪੇਂਡੂ ਰੂਟਾਂ ’ਤੇ ਮਿੰਨੀ ਬੱਸਾਂ ਵੀ ਬੰਦ ਰਹੀਆਂ। ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪਿੰਡ ਹਲਵਾਰਾ ਦੇ ਬੱਸ ਅੱਡੇ ‘ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਦਰਜਨਾਂ ਆਗੂਆਂ ਨੇ ਧਰਨਾ ਦਿੱਤਾ। ਧਰਨਾਕਾਰੀਆਂ ਵਿੱਚ ਭਾਜਪਾ ਆਗੂ ਪਰਮਜੀਤ ਸਿੰਘ ਟੂਸਾ ਸਾਬਕਾ ਸਰਪੰਚ ਵੀ ਸ਼ਾਮਲ ਸਨ। ਇਸ ਮੌਕੇ ਥਾਣਾ ਸੁਧਾਰ ਦੇ ਮੁਖੀ ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਬਲ ਸਮੇਤ ਮੌਜੂਦ ਸਨ। ਇਸ ਦੌਰਾਨ ਕਿਸੇ ਪਾਸੇ ਤੋਂ ਕੋਈ ਅਣਸੁਖਾਵੀਂ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਜਨਤਕ ਜਥੇਬੰਦੀਆਂ ਵੱਲੋਂ ਮਾਛੀਵਾੜਾ ’ਚ ਰੋਸ ਮਾਰਚ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਮਾਛੀਵਾੜਾ ਸਾਹਿਬ ਮੁਕੰਮਲ ਤੌਰ ’ਤੇ ਬੰਦ ਰਿਹਾ। ਅੱਜ ਸਵੇਰ ਤੋਂ ਹੀ ਮਾਛੀਵਾੜਾ ਦੀ ਕੋਈ ਵੀ ਦੁਕਾਨ ਨਾ ਖੁੱਲ੍ਹੀ ਅਤੇ ਪੁਲੀਸ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਡੀ ਐੱਸ ਪੀ ਕਰਮਜੀਤ ਸਿੰਘ, ਇੰਸਪੈਕਟਰ ਗੁਰਪ੍ਰਤਾਪ ਸਿੰਘ, ਥਾਣਾ ਮੁਖੀ ਚਰਨਜੀਤ ਸਿੰਘ ਭਾਰੀ ਫੋਰਸ ਬਲ ਸਮੇਤ ਮਾਛੀਵਾੜਾ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਤਾਇਨਾਤ ਰਹੇ ਅਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਦਿਖਾਈ ਦਿੱਤੇ। ਖਾਲਸਾ ਚੌਕ ਨੇੜੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਅਕਾਲੀ ਦਲ ਵਾਰਿਸ ਪੰਜਾਬ ਪਾਰਟੀ, ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਇਕੱਤਰ ਹੋਏ ਜਿਨ੍ਹਾਂ ਨੇ ਕੁਝ ਸਮੇਂ ਲਈ ਚੌਕ ਜਾਮ ਕੀਤਾ ਅਤੇ ਉਸ ਤੋਂ ਬਾਅਦ ਵਿਚ ਸ਼ਹਿਰ ਵਿਚ ਰੋਸ ਮਾਰਚ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ, ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਮਨਮੋਹਣ ਸਿੰਘ ਖੇੜਾ, ਕਿਸਾਨ ਆਗੂ ਯੁਗਰਾਜ ਸਿੰਘ ਮੰਡ, ਬਲਵੀਰ ਸਿੰਘ ਮਾਨ, ਸੁੱਖਾ ਮਾਨ ਆਦਿ ਨੇ ਕਿਹਾ ਕਿ ਇੱਕ ਨਸ਼ਿਆਂ ਖਿਲਾਫ਼ ਅਵਾਜ਼ ਉਠਾਉਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਦਾ ਨਸ਼ਾ ਵੇਚਣ ਵਾਲਿਆਂ ਵਲੋਂ ਕਤਲ ਕਰਨਾ ਬਹੁਤ ਹੀ ਮੰਦਭਾਗਾ ਹੈ। ਆਗੂਆਂ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਨੱਥ ਪਾਉਣ ਲਈ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਪੈਣਗੇ ਨਹੀਂ ਤਾਂ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਵਰਗਿਆਂ ਦੇ ਕਤਲ ਹੋਣਗੇ ਅਤੇ ਪੰਜਾਬ ਦੀ ਜਵਾਨੀ ਤਬਾਹ ਹੁੰਦੀ ਰਹੇਗੀ। ਇਸ ਮੌਕੇ ਕਰਮਜੀਤ ਸਿੰਘ ਅਢਿਆਣਾ, ਉਪਜਿੰਦਰ ਸਿੰਘ ਔਜਲਾ, ਮਨਜੀਤ ਸਿੰਘ ਪਵਾਤ, ਤੂਫ਼ਾਨ ਸਿੰਘ ਆਦਿ ਵੀ ਮੌਜੂਦ ਸਨ।
ਮੈਡੀਕਲ ਸਟੋਰਾਂ ਦੇ ਮਾਲਕਾਂ ਵੱਲੋਂ ਸਮਰਥਨ
ਅਹਿਮਦਗੜ੍ਹ (ਕੁਲਵਿੰਦਰ ਸਿੰਘ ਗਿੱਲ): ਪੰਜਾਬ ਬੰਦ ਦੇ ਸੱਦੇ ਨੂੰ ਅਹਿਮਦਗੜ੍ਹ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ। ਅਹਿਮਦਗੜ੍ਹ ਦੇ ਜਿੱਥੇ ਸਮੂਹ ਵਪਾਰਕ ਅਦਾਰੇ ਬੰਦ ਰਹੇ ਉੱਥੇ ਇੱਕ ਖਾਸ ਗੱਲ ਦੇਖਣ ਨੂੰ ਮਿਲੀ ਕਿ ਬੰਦ ਦੌਰਾਨ ਸ਼ਹਿਰ ਦੇ ਮੈਡੀਕਲ ਸਟੋਰ ਵੀ ਬੰਦ ਰਹੇ। ਐਮਰਜੈਂਸੀ ਸੇਵਾਵਾਂ ਨੂੰ ਛੋਟ ਹੋਣ ਦੇ ਬਾਵਜੂਦ ਮੈਡੀਕਲ ਸਟੋਰ ਸੰਚਾਲਕਾਂ ਨੇ ਦੁਕਾਨਾਂ ਬੰਦ ਰੱਖ ਕੇ ਸਮਰਥਨ ਦਿੱਤਾ ਅਤੇ ਪਰਵਿੰਦਰ ਸਿੰਘ ਝੋਟੇ ਲਈ ਇਨਸਾਫ਼ ਦੀ ਮੰਗ ਕੀਤੀ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ ਮਾਨ, ਸਕੱਤਰ ਸ਼ਸ਼ੀ ਕੁਮਾਰ ਗੋਇਲ ਅਤੇ ਮੀਡੀਆ ਸਲਾਹਕਾਰ ਮਹਾਂਵੀਰ ਗੋਇਲ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਕਤਲ ਬੇਹੱਦ ਦੁਖਦਾਈ ਹੈ ਅਤੇ ਇਸ ਮਾਮਲੇ ਵਿੱਚ ਪਰਿਵਾਰ ਨੂੰ ਪੂਰਨ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੌਰਾਨ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ਸਥਿਤ ਜਗੇੜਾ ਪੁਲ ’ਤੇ ਕਿਸਾਨਾਂ ਤੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਲਾਇਆ ਗਿਆ। ਕਿਸਾਨ ਆਗੂ ਜਗਦੀਸ਼ ਸਿੰਘ ਡੀ ਸੀ ਆਕਬਰਪੁਰ ਛੰਨਾ ਨੇ ਆਖਿਆ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਬਣਾਈ ਇਨਸਾਫ ਕਮੇਟੀ ਮੁਤਾਬਕ ਹੀ ਅੱਜ ਉਨ੍ਹਾਂ ਵੱਲੋਂ ਪੰਜਾਬ ਬੰਦ ਦੇ ਸਮਰਥਨ ਦੌਰਾਨ ਮੁੱਖ ਮਾਰਗ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

