ਮਾਪਿਆਂ ਵੱਲੋਂ ਸਕੂਲ ਖੋਲ੍ਹਣ ਦਾ ਵਿਰੋਧ

ਮਾਪਿਆਂ ਵੱਲੋਂ ਸਕੂਲ ਖੋਲ੍ਹਣ ਦਾ ਵਿਰੋਧ

ਮੀਟਿੰਗ ਵਿੱਚ ਹਾਜ਼ਰ ਮਾਪੇ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ: ਵਰਮਾ

ਸਤਵਿੰਦਰ ਬਸਰਾ

ਲੁਧਿਆਣਾ, 7 ਅਪਰੈਲ

ਸੂਬੇ ਭਰ ਦੇ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਦੀ ਆਏ ਦਿਨ ਕੀਤੀ ਜਾਂਦੀ ਅੰਨ੍ਹੀ ਲੁੱਟ ਵਿਰੁੱਧ ਅੱਜ ਸੂਬੇ ਦੀਆਂ ਮਾਪੇ ਸੰਸਥਾਵਾਂ ਦੀ ਸਥਾਨਕ ਗਿੱਲ ਚੌਕ ਨੇੜੇ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੀਆਂ ਮਾਪੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਦਿਆਂ ਕਈ ਅਹਿਮ ਫ਼ੈਸਲੇ ਲਏ। ਮਾਪਿਆਂ ਨੇ ਸਾਂਝੀ ਰਾਏ ਦਿੰਦਿਆਂ ਸਰਕਾਰ ਨੂੰ ਕਰੋਨਾ ਦੇ ਵੱਧ ਰਹੇ ਮਾਮਲਿਆਂ ਕਰਕੇ ਸਕੂਲ ਨਾ ਖੋਲ੍ਹਣ ਦੀ ਅਪੀਲ ਕੀਤੀ ਹੈ।

ਭਗਵੰਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ’ਚ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਅਤੇ ਵੱਖ ਵੱਖ ਤਰ੍ਹਾਂ ਦੇ ਫੰਡਾਂ ਰਾਹੀਂ ਮਾਪਿਆਂ ’ਤੇ ਪਾਏ ਜਾ ਰਹੇ ਵਾਧੂ ਆਰਥਿਕ ਬੋਝ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਕਰੋਨਾ ਕਰਕੇ ਪਹਿਲਾਂ ਹੀ ਆਰਥਿਕ ਮਾਰ ਝੱਲ ਰਹੇ ਮਾਪਿਆਂ ਲਈ ਹੁਣ ਆਪਣੇ ਬੱਚੇ ਪੜ੍ਹਾਉਣੇ ਵੀ ਮੁਸ਼ਕਲ ਹੋ ਗਏ ਹਨ। ਇਸ ਦੌਰਾਨ ਇਹ ਸਹਿਮਤੀ ਹੋਈ ਕਿ ਸੁਪਰੀਮ ਕੋਰਟ ਵੱਲੋਂ ਸੁਣਾਏ ਅੰਤਰਿਮ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪੰਜਾਬ ਭਰ ’ਚ ਮਾਪੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਫੀਸ ਰੈਗੂਲੇਟਰੀ ਕਮੇਟੀ ਤੋਂ ਲਿਖਤੀ ਹਦਾਇਤ ਜਾਰੀ ਕਰਵਾਉਣ ਲਈ ਪਹਿਲਾਂ ਸ਼ਾਂਤਮਈ ਢੰਗ ਨਾਲ ਮੈਮੋਰੰਡਮ ਸਬੰਧਤ ਅਧਿਕਾਰੀ ਨੂੰ ਦੇਣਗੇ, ਜੇਕਰ ਇਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਬੰਧਤ ਅਧਿਕਾਰੀ ਦੇ ਦਫਤਰ ਅੱਗੇ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸਰਬਜੀਤ ਸਿੰਘ, ਜਸਬੀਰ ਪਨੇਸਰ, ਗੁਰਪ੍ਰੀਤ ਮਾਂਗਟ, ਵਰਿੰਦਰ ਖੁਰਾਣਾ, ਸੁਸ਼ੀਲ ਸ਼ਰਮਾ, ਅੰਜਲੀ ਸਿੰਘ ਸਮੇਤ ਹੋਰ ਕਈ ਜ਼ਿਲ੍ਹਿਆਂ ਤੋਂ ਨੁਮਾਇੰਦੇ ਹਾਜ਼ਰ ਸਨ।

ਮਾਪਿਆਂ ਵੱਲੋਂ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ

ਲੁਧਿਆਣਾ ’ਚ ਡੀਸੀ ਦਫ਼ਤਰ ਬਾਹਰ ਰੋਸ ਪ੍ਰਗਟਾਉਂਦੇ ਹੋਏ ਮਾਪੇ। ਫੋਟੋ: ਵਰਮਾ

ਲੁਧਿਆਣਾ: ਦੋ ਦਿਨ ਸਕੂਲ ਗੇਟ ਅੱਗੇ ਰੋਸ ਪ੍ਰਦਰਸ਼ਨ ਤੋਂ ਬਾਅਦ ਅੱਜ ਪੁਲੀਸ ਡੀਏਵੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ, ਸਿੱਖਿਆ ਮੰਤਰੀ ਨੂੰ ਭੇਜੇ ਮੰਗ ਪੱਤਰ ਵਿੱਚ ਦੱਸਿਆ ਕਿ ਸਕੂਲ ਵਾਲਿਆਂ ਵੱਲੋਂ ਉਨ੍ਹਾਂ ਨੂੰ ਪਿਛਲੇ ਸੈਸ਼ਨ ਦੇ ਐਨੂਅਲ ਚਾਰਜਿਸ ਅਤੇ ਹੋਰ ਫੰਡ ਜਮ੍ਹਾਂ ਕਰਵਾਉਣ ਦੇ ਸੁਨੇਹੇ ਭੇਜੇ ਜਾ ਰਹੇ ਹਨ। ਇਨ੍ਹਾਂ ਮਾਪਿਆਂ ਨੇ ਇੱਕ ਕਮੇਟੀ ਬਣਾ ਕਿ ਮਾਮਲਾ ਇੱਕ ਹਫਤੇ ਦੇ ਅੰਦਰ-ਅੰਦਰ ਸੁਲਝਾਉਣ ਦੀ ਮੰਗ ਕੀਤੀ ਹੈ। ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕਰਦਿਆਂ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਦੋ ਦਿਨ ਸਕੂਲ ਅੱਗੇ ਰੋਸ ਧਰਨਾ ਦਿੱਤਾ, ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮਾਮਲਾ ਜਿਉਂ ਦਾ ਤਿਉਂ ਬਰਕਰਾਰ ਰਿਹਾ। ਮਜਬੂਰ ਹੋ ਕਿ ਅੱਜ ਉਨ੍ਹਾਂ ਨੂੰ ਇੱਥੇ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ।

ਵਿੱਦਿਅਕ ਸੰਸਥਾਵਾਂ ਖੁੱਲ੍ਹਵਾਉਣ ਲਈ ਮੰਗ ਪੱਤਰ ਸੌਂਪੇ

ਪਾਇਲ (ਦੇਵਿੰਦਰ ਸਿੰਘ ਜੱਗੀ): ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਕੇਸ ਵੱਧਣ ਦੇ ਬਹਾਨੇ ਹੇਠ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮਾਂ ਖ਼ਿਲਾਫ਼ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਖੁੱਲ੍ਹਵਾਉਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਸੱਦੇ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਐੱਸਡੀਐੱਮ ਪਾਇਲ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਗੁਰਸ਼ਰਨ ਅਤੇ ਪਾਵੇਲ ਸਿਹੌੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਵਿਦਿਆਰਥੀਆਂ ਨਾਲ ਵੱਡਾ ਧੱਕਾ ਹੈ। ਡਾਕਟਰਾਂ ਨੇ ਇਹ ਸਾਬਿਤ ਕੀਤਾ ਹੈ ਕਿ ਲੌਕਡਾਊਨ ਕਰੋਨਾ ਦਾ ਕੋਈ ਹੱਲ ਨਹੀਂ। ਆਨਲਾਈਨ ਪੜ੍ਹਾਈ ਦੇ ਨਾਮ ਹੇਠ ਵਿਦਿਆਰਥੀਆਂ ਦੇ ਦਿਮਾਗਾਂ ਨੂੰ ਥੋਥਾ ਕੀਤਾ ਜਾ ਰਿਹਾ ਹੈ। ਅਸਲ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ ਸਿੱਖਿਆ ਅਤੇ ਹੋਰ ਜਨਤਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਕਰੋਨਾ ਦੀ ਆੜ੍ਹ ਵਿਚ ਸਕੂਲ-ਕਾਲਜ ਬੰਦ ਕਰਨਾ ਸਰਕਾਰ ਦੀ ਨੀਅਤ ’ਤੇ ਸਵਾਲ ਖੜ੍ਹੇ ਕਰਦਾ ਹੈ। ਜਿਸ ਤਰ੍ਹਾਂ ਕੇਂਦਰ ਸਰਕਾਰ ਕਾਲੇ ਕਾਨੂੰਨ ਰਾਹੀਂ ਕਿਸਾਨਾਂ ਨੂੰ ਜ਼ਮੀਨ ਰਹਿਤ ਕਰਨਾ ਚਾਹੁੰਦੀ ਹੈ, ਉਸੇ ਤਰਜ ’ਤੇ ਕੈਪਟਨ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਅਨਪੜ੍ਹ ਬਣਾਉਣਾ ਚਾਹੁੰਦੀ ਹੈ। ਇਹ ਗੱਲ ਅੱਜ ਇਥੇ ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਹੀ। ਉਨ੍ਹਾਂ ਕਿਹਾ ਕਿ ਮੋਦੀ ਤੇ ਕੈਪਟਨ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਬੱਚੇ ਅਨਪੜ੍ਹ ਰਹਿਣ ਕਿਉਂਕਿ ਜੇਕਰ ਬੱਚੇ ਪੜ੍ਹ ਜਾਣਗੇ ਤਾਂ ਉਹ ਸਰਕਾਰ ਤੋਂ ਸਵਾਲ ਕਰਨਗੇ ਤੇ ਰੁਜ਼ਗਾਰ ਮੰਗਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ’ਤੇ ਸਕੂਲ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਇਆ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All