ਪੰਥਕ ਅਕਾਲੀ ਲਹਿਰ ਨੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਦੇਰੀ ’ਤੇ ਚਿੰਤਾ ਪ੍ਰਗਟਾਈ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਜੂਨ
ਪੰਥਕ ਅਕਾਲੀ ਲਹਿਰ ਦੀ ਮੀਟਿੰਗ ਅੱਜ ਇਥੇ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਰੇਰੂ ਸਾਹਿਬ, ਪਾਤਸ਼ਾਹੀ ਦਸਵੀਂ ਸਾਹਨੇਵਾਲ ਵਿੱਚ ਹੋਈ ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਹੋ ਰਹੀ ਦੇਰੀ ਸਬੰਧੀ ਦੀਰਘ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੀ ਪੰਜਾਬ ਪ੍ਰਤੀ ਨੀਯਤ ਸਾਫ਼ ਨਹੀਂ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਰ ਹੀਲੇ 2027 ਵਿੱਚ ਪੰਜਾਬ ’ਚ ਆਪਣਾ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਵੇਖ ਰਹੀ ਹੈ, ਜਿਸ ਲਈ ਉਹ ਆਪਣੀ ਇੱਛਾ ਅਨੁਸਾਰ ਚੱਲਣ ਵਾਲਾ ਅਕਾਲੀ ਦਲ ਖੜ੍ਹਾ ਕਰਨਾ ਚਾਹੁੰਦੀ ਹੈ ਤੇ ਉਸ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੱਖਣਾ ਚਾਹੁੰਦੀ ਹੈ।
ਉਨ੍ਹਾਂ ਪੰਥਕ ਅਕਾਲੀ ਲਹਿਰ ਦੇ ਸਮੂਹ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਬੂਥ ਪੱਧਰ ਤੱਕ ਪੰਥਕ ਸੋਚ ਵਾਲੇ ਸਮਰਪਿਤ ਅਤੇ ਮਿਹਨਤੀ ਵਰਕਰਾਂ ਦਾ ਢਾਂਚਾ ਮਜ਼ਬੂਤ ਕਰਨ ਤੇ ਜਦੋਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਦਾ ਐਲਾਨ ਹੋਵੇ ਤਾਂ ਦਲ ਦੀ ਪੂਰੀ ਤਿਆਰੀ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਦੇਰੀ ਕਾਰਨ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਲੁੱਟ ਰਿਹਾ ਹੈ ਜਿਸ ਨੂੰ ਰੋਕਣ ਲਈ ਵੀ ਪੰਥਕ ਅਕਾਲੀ ਲਹਿਰ ਨੂੰ ਚੱਟਾਨ ਵਾਂਗ ਖੜ੍ਹਨਾ ਪਵੇਗਾ। ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦਿਆਂ ਗੁਰੂ ਘਰ ਦੀਆਂ ਜਾਇਦਾਦਾਂ ਦੀ ਪਹਿਰੇਦਾਰੀ ਕੀਤੀ ਜਾਵੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਾਲਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਬਹੁਤ ਜਲਦੀ ਪੰਥਕ ਅਕਾਲੀ ਲਹਿਰ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਨੂੰ ਪੱਤਰ ਲਿਖੇ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਜਲਦ ਪੰਥਕ ਅਕਾਲੀ ਲਹਿਰ ਵੱਲੋਂ ਪਾਲਿਸੀ ਮੇਕਰ ਕਮੇਟੀ ਵੀ ਬਣਾਈ ਜਾਵੇਗੀ।
ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਕੋਰ ਕਮੇਟੀ ਮੈਂਬਰ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਜੋਗਾ ਸਿੰਘ ਚੱਪੜ, ਅੰਮ੍ਰਿਤ ਸਿੰਘ ਰਤਨਗੜ੍ਹ ਦਫਤਰ ਸਕੱਤਰ, ਤਰਲੋਚਨ ਸਿੰਘ ਸੋਹਲ, ਲਖਵਿੰਦਰ ਸਿੰਘ ਆਦੀਆਂ, ਹਰਜੋਤ ਸਿੰਘ ਮੁਕਤਸਰ, ਮੁੱਖ ਬੁਲਾਰੇ ਭਾਈ ਰਵੇਲ ਸਿੰਘ ਸਹਾਏਪੁਰ, ਗੁਰਜੀਵਨ ਸਿੰਘ ਸਰੌਦ, ਅਮਰ ਸਿੰਘ ਦਸਮੇਸ਼ ਕੰਬਾਇਨ, ਗੁਰਮੀਤ ਸਿੰਘ ਛਾਂਟੂ, ਸਰੂਪ ਸਿੰਘ ਸੰਧਾ, ਨਿਰਮੈਲ ਸਿੰਘ ਜੌਲਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਭੋਲਾ ਸਿੰਘ ਨੇ ਵੀ ਸੰਬੋਧਨ ਕੀਤਾ।