ਸ਼੍ਰੋਮਣੀ ਕਮੇਟੀ ਬਚਾਉਣ ਲਈ ਪੰਥ ਅੱਗੇ ਆਏ: ਭਾਈ ਰਣਜੀਤ ਸਿੰਘ
ਪੰਥਕ ਅਕਾਲੀ ਲਹਿਰ ਦੇ ਆਗੂਆਂ ਨੇ ਸਾਬਕਾ ਜਥੇਦਾਰ ਦਾ ਸਨਮਾਨ ਕੀਤਾ
ਦੇਵਿੰਦਰ ਸਿੰਘ ਜੱਗੀ
, 31 ਜਨਵਰੀ
ਪੰਥਕ ਅਕਾਲੀ ਲਹਿਰ ਦੇ ਆਗੂੁ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅੱਜ ਪਿੰਡ ਘੁਡਾਣੀ ਕਲਾਂ ਪੁੱਜੇ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਰ ਕੇ ਹੋਂਦ ਵਿੱਚ ਆਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭ੍ਰਿਸ਼ਟਾਚਾਰ ਕਾਰਨ ਲੋਕਾਂ ਵੱਲੋਂ ਸ਼ਰਧਾ ਨਾਲ ਦਿੱਤਾ ਪੈਸਾ ਇੱਕ ਪਰਿਵਾਰ ਦੀ ਭੇਟ ਚੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜਾ ਹਾਲ ਸਿੱਖ ਪੰਥ ਦੀ ਅਗਲੀ ਪੀੜ੍ਹੀ ਦੀ ਪੜ੍ਹਾਈ ਦਾ ਹੈ। ਅੱਜ ਈਸਾਈ ਧਰਮ ਨਾਲ ਸਬੰਧਤ ਸਕੂਲਾਂ ਵਿੱਚ ਬੱਚਿਆਂ ਨੂੰ ਬਹੁਤ ਘੱਟ ਫੀਸਾਂ ਲੈ ਕੇ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਉਲਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਮਾਹੌਲ ਇਸ ਤੋਂ ਉਲਟਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਅਗਲੀ ਪੀੜ੍ਹੀ ਦੀ ਵਿਦਿਅਕ ਯੋਗਤਾ ਨਾ-ਮਾਤਰ ਰਹਿ ਗਈ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਐੱਸ ਜੀ ਪੀ ਸੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਮੁਲਾਜ਼ਮਾਂ ਦਾ ਅੱਡਾ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੂੰ ਬਚਾਉਣ ਲਈ ਸਮੂਹ ਸਿੱਖ ਪੰਥ ਨੂੰ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਕਤ ਖ਼ਾਲਸਾ ਪੰਥ ਖ਼ਿਲਾਫ਼ ਸਮੁੱਚੇ ਤੌਰ ’ਤੇ ਕਾਬਜ਼ ਧੜਾ ਤੇ ਸਾਰੀਆਂ ਸਰਕਾਰਾਂ ਇਕਮੁੱਠ ਹੋ ਕੇ ਲੱਗੀਆਂ ਹੋਈਆਂ ਹਨ, ਇਹੀ ਵਜ੍ਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਥਿਤ ਘਪਲਿਆਂ ਨੂੰ ਅੱਖਾਂ ਬੰਦ ਕਰ ਕੇ ਦੇਖ ਰਿਹਾ ਹੈ। ਇਸ ਮੌਕੇ ਭਾਈ ਰਣਜੀਤ ਸਿੰਘ ਦਾ ਪੰਥਕ ਅਕਾਲੀ ਲਹਿਰ ਦੇ ਆਗੂਆਂ ਨੇ ਸਾਬਕਾ ਪੰਚ ਘੁਡਾਣੀ ਕਲਾਂ ਨੰਬਰਦਾਰ ਹਰਮਨਜੀਤ ਸਿੰਘ ਦੀ ਅਗਵਾਈ ਵਿੱਚ ਸਨਮਾਨ ਕੀਤਾ।
ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂਆਂ ਵਿੱਚ ਮਨਜਿੰਦਰ ਸਿੰਘ ਸਰੌਦ, ਜਸਵੰਤ ਸਿੰਘ ਬੇਰਕਲਾਂ, ਰਣਵੀਰ ਸਿੰਘ ਰੋੜੀਆਂ, ਨਰੇਸ਼ ਸਿੰਘ ਮਲੌਦ, ਇੰਦਰਜੀਤ ਸਿੰਘ ਕੁਲਾਹੜ, ਗੁਰਪ੍ਰੀਤ ਸਿੰਘ ਘਲੋਟੀ, ਬਲਵਿੰਦਰ ਸਿੰਘ ਝੱਮਟ ਗੁਰਵਿੰਦਰ ਸਿੰਘ, ਨਾਜ਼ਰ ਸਿੰਘ ਰਸਾਲਾ, ਗੁਰਮੇਲ ਸਿੰਘ ਟਿੰਬਰਵਾਲ, ਗੁਰਦੇਵ ਸਿੰਘ ਘੁਡਾਣੀ ਕਲਾਂ, ਚਰਨ ਸਿੰਘ ਘਲੋਟੀ, ਕੁਲਵੰਤ ਸਿੰਘ ਚੋਮੋਂ, ਗੋਲਡੀ ਮਕਸੂਦੜਾ, ਗੋਲਡੀ ਕਰਤਾਰਪੁਰ, ਜਥੇਦਾਰ ਮਨਜੀਤ ਸਿੰਘ ਘੁਡਾਣੀ, ਮਿਸਤਰੀ ਕੁਲਵੰਤ ਸਿੰਘ, ਪਰਮਜੀਤ ਸਿੰਘ ਨੋਨੀ, ਹਰਕੀਰਤ ਸਿੰਘ, ਰਣਜੀਤ ਸਿੰਘ ਮਿੱਠੂ, ਰਣਜੋਧ ਸਿੰਘ ਲਹਿਲ ਆਦਿ ਆਗੂ ਹਾਜ਼ਰ ਸਨ।

