ਪਿੰਡਾਂ ਵਿੱਚ ਵਧ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਅਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਖ਼ਿਲਾਫ਼ ਪਿੰਡ ਮਲਕ, ਜਗਰਾਉਂ ਪੱਤੀ ਮਲਕ, ਅਲੀਗੜ੍ਹ, ਸਿੱਧਵਾਂ ਕਲਾਂ, ਬੋਦਲਵਾਲਾ ਅਤੇ ਚੀਮਨਾ ਦੀਆਂ ਪੰਚਾਇਤਾਂ ਅਤੇ ਮੋਹਤਬਾਰ ਵਿਅਕਤੀਆਂ ਦੀ ਪਿੰਡ ਪੋਨਾ ਵਿੱਚ ਇਕੱਤਰਤਾ ਹੋਈ। ਪੰਚਾਇਤਾਂ ਨੇ ਇੰਨ੍ਹਾਂ ਮਸਲਿਆਂ ਸਬੰਧੀ ਸੀਨੀਅਰ ਪੁਲੀਸ ਕਪਤਾਨ, ਉਪ ਮੰਡਲ ਮੈਜਿਸਟਰੇਟ, ਵਧੀਕ ਕਮਿਸ਼ਨਰ, ਪੰਚਾਇਤ ਵਿਭਾਗ ਆਦਿ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਅਤੇ ਹੱਲ ਲਈ ਅਪੀਲ ਕੀਤੀ। ਮੀਟਿੰਗ ਵਿੱਚ ਸਰਪੰਚ ਜਗਤਾਰ ਸਿੰਘ, ਸਰਪੰਚ ਸ਼ਰਨਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਹਰਜੀਤ ਸਿੰਘ, ਸਰਪੰਚ ਕੁਲਦੀਪ ਸਿੰਘ ਅਤੇ ਸੰਦੀਪ ਸਿੰਘ ਅਲੀਗੜ੍ਹ ਨੇ ਦੱਸਿਆ ਕਿ ਪਿੰਡ ਮਲਕ ਤੋਂ ਚੀਮਨਾ, ਰਾਮਗੜ੍ਹ ਵੱਲ ਨੂੰ ਜਾਂਦੀ ਸੇਮ ਦੀ ਪਾਂਧੀ ’ਤੇ ਵੱਡੀ ਗਿਣਤੀ ਪਰਵਾਸੀ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇੰਨ੍ਹਾਂ ਵਿੱਚੋਂ ਕਈਆਂ ਖ਼ਿਲਾਫ਼ ਹੈਰੋਇਨ ਵਰਗੇ ਨਸ਼ੇ ਵੇਚਣ ਦੇ ਕੇਸ ਦਰਜ ਹਨ। ਇਸ ਤੋਂ ਇਲਾਵਾ ਖੇਤਾਂ ਵਿੱਚ ਮੋਟਰਾਂ ਤੋਂ ਲਗਾਤਾਰ ਤਾਰਾਂ ਚੋਰੀ ਹੋ ਰਹੀਆਂ ਹਨ। ਚੋਰਾਂ ਵੱਲੋਂ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ।
ਸਮਾਜ ਸੇਵੀ ਤਰਲੋਚਨ ਸਿੰਘ, ਇਕਬਾਲ ਸਿੰਘ ਰਾਏ, ਕੁਲਵੰਤ ਸਿੰਘ, ਹਰਦੇਵ ਸਿੰਘ, ਜਗਰਾਜ ਸਿੰਘ ਅਲੀਗੜ੍ਹ, ਮਨਜੀਤ ਸਿੰਘ ਅਤੇ ਅਰਵਿੰਦਰ ਸਿੰਘ ਨੇ ਕਿਹਾ ਕਿ ਇੰਨ੍ਹਾਂ ਮਸਲਿਆਂ ਸਬੰਧੀ ਇਸਤੋਂ ਪਹਿਲਾਂ ਵੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

