ਪੱਲੇਦਾਰ ਯੂਨੀਅਨ ਦਾ ਪ੍ਰਧਾਨ ਅਕਾਲੀ ਦਲ ’ਚ ਸ਼ਾਮਲ
ਅਵਤਾਰ ਸਿੰਘ ਬਿੱਲਾ ਦੀ ਪਤਨੀ ਨੂੰ ਵਾਰਡ ਨੰਬਰ 23 ਤੋਂ ਉਮੀਦਵਾਰ ਐਲਾਨਿਆ
ਪੱਲੇਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਬਿੱਲਾ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਹੁੰਦਿਆਂ ਆਗਾਮੀ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਵਿੱਚ ਡੱਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਪ੍ਰਧਾਨ ਅਵਤਾਰ ਸਿੰਘ ਬਿੱਲਾ ਦਾ ਪਾਰਟੀ ਵਿੱਚ ਸ਼ਮੂਲੀਅਤ ਲਈ ਸਵਾਗਤ ਕੀਤਾ। ਉਨ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਸਿਧਾਂਤਾਂ ਕਾਰਨ ਬਹੁ-ਗਿਣਤੀ ਲੋਕ ਅਕਾਲੀ ਦਲ ਦਾ ਰੁਖ਼ ਕਰ ਰਹੇ ਹਨ। ਉਨ੍ਹਾਂ ਅਵਤਾਰ ਸਿੰਘ ਬਿੱਲਾ ਅਤੇ ਸਾਥੀਆਂ ਨੂੰ ਅਕਾਲੀ ਦਲ ਵਿੱਚ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੂੰ ਹੁਣ ਜ਼ਮੀਨੀ ਪੱਧਰ ’ਤੇ ਵੱਡੀ ਸਫਲਤਾ ਮਿਲੇਗੀ। ਇਸ ਸਬੰਧੀ ਕਰਵਾਏ ਸਮਾਗਮ ਨੂੰ ਗੁਰਚਰਨ ਸਿੰਘ ਗਰੇਵਾਲ, ਕੰਵਲਜੀਤ ਸਿੰਘ ਮੱਲ੍ਹਾ, ਦਵਿੰਦਰਜੀਤ ਸਿੰਘ ਸਿੱਧੂ, ਮਨਜੀਤ ਸਿੰਘ ਫੌਜੀ ਅਤੇ ਪਰਦੀਪ ਸਿੰਘ ਅਖਾੜਾ ਨੇ ਵੀ ਸੰਬੋਧਨ ਕੀਤਾ। ਸਾਰੇ ਆਗੂਆਂ ਨੇ ਪੱਲੇਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ ਨੂੰ ਇਮਾਨਦਾਰ ਅਤੇ ਮਿਹਨਤੀ ਆਗੂ ਕਰਾਰ ਦਿੱਤਾ। ਇਸ ਦੌਰਾਨ ਅਕਾਲੀ ਆਗੂਆਂ ਨੇ ਉਨ੍ਹਾਂ ਦੀ ਪਤਨੀ ਸੁਖਦੀਪ ਕੌਰ ਧਾਲੀਵਾਲ ਨੂੰ ਉਨ੍ਹਾਂ ਦੇ ਵਾਰਡ ਨੰਬਰ 23 ਤੋਂ ਨਗਰ ਕੌਂਸਲ ਚੋਣ ਲਈ ਉਮੀਦਵਾਰ ਐਲਾਨ ਦਿੱਤਾ। ਸੁਖਦੀਪ ਕੌਰ ਨੇ ਵਾਰਡ ਵਾਸੀਆਂ ਨਾਲ ਉਨ੍ਹਾਂ ਦੀਆਂ ਆਸਾਂ ’ਤੇ ਖਰੇ ਉਤਰਨ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਅਕਾਲੀ ਦਲ ਨੇ ਹੁਣ ਤੱਕ ਪੰਜ ਵਾਰਡਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।

