
ਰੋਸ ਧਰਨੇ ਦੌਰਾਨ ਦਿਖਾਈ ਦੇ ਰਹੇ ਵੱਖ-ਵੱਖ ਜਥੇਬੰਦੀਆਂ ਤੇ ਨੁਮਾਇੰਦੇ ਤੇ ਸ਼ਹਿਰ ਵਾਸੀ। -ਫੋਟੋ:-ਟੱਕਰ
ਗੂੁਰਦੀਪ ਿਸੰਘ ਟੱਕਰ
ਮਾਛੀਵਾੜਾ, 7 ਦਸੰਬਰ
ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਨੂੰ ਲੈ ਕੇ ਸੜਕ ਸੁਧਾਰ ਸੰਘਰਸ਼ ਕਮੇਟੀ ਵਲੋਂ ਅੱਜ ਸਥਾਨਕ ਗਨੀ ਖਾਂ ਨਬੀ ਖਾਂ ਗੇਟ ਨੇੜੇ ਸਰਕਾਰ ਖਿਲਾਫ਼ ਪੱਕਾ ਰੋਸ ਧਰਨਾ ਸ਼ੁਰੂ ਕੀਤਾ ਗਿਆ। ਜਿਸ ਵਿਚ ਸਮਾਜ ਸੇਵੀ, ਕਿਸਾਨ ਤੇ ਧਾਰਮਿਕ ਜਥੇਬੰਦੀਆਂ, ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਭਾਰੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਸਮਾਜਸੇਵੀ ਅੰਮ੍ਰਿਤਪਾਲ ਨੇ ਦੱਸਿਆ ਕਿ ਸਮਰਾਲਾ ਤੋਂ ਲੈ ਕੇ ਮਾਛੀਵਾੜਾ ਸਤਲੁਜ ਦਰਿਆ ਤੱਕ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਉਨ੍ਹਾਂ ਦੀ ਸੜਕ ਸੁਧਾਰ ਸੰਘਰਸ਼ ਕਮੇਟੀ ਵਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਵਾਰ-ਵਾਰ ਅਪੀਲਾਂ ਅਤੇ ਰੋਸ ਮਾਰਚਾਂ ਦੇ ਬਾਵਜੂਦ ਲੋਕਾਂ ਦੀ ਮੁਸ਼ਕਿਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਕਾਰਨ ਇਹ ਪੱਕਾ ਰੋਸ ਧਰਨਾ ਲਾਇਆ ਗਿਆ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਸਾਬਕਾ ਪ੍ਰਧਾਨ ਟਹਿਲ ਸਿੰਘ ਔਜਲਾ, ਬਲਾਕ ਸਮਿਤੀ ਮੈਂਬਰ ਹਰਜੋਤ ਸਿੰਘ ਮਾਂਗਟ ਨੇ ਕਿਹਾ ਕਿ ਕਈ ਸਾਲਾਂ ਤੋਂ ਲੋਕ ਇਸ ਖਸਤਾ ਹਾਲਤ ਸੜਕ ਦਾ ਸੰਤਾਪ ਭੋਗ ਰਹੇ ਹਨ। ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਵੱਲੋਂ ਸੜਕ ਬਣਾਉਣ ਦਾ ਵਾਅਦਾ ਵਿਸਾਰ ਦਿੱਤਾ ਗਿਆ ਹੈ। ਆੜ੍ਹਤੀਆਂ ਨੇ ਕਿਹਾ ਕਿ ਖਸਤਾ ਹਾਲਤ ਸੜਕਾਂ ਕਾਰਨ ਕਿਸਾਨਾਂ ਨੂੰ ਮੰਡੀ ’ਚ ਆਪਣੀ ਫਸਲ ਲਿਆਉਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਗੰਨਾ ਮਿੱਲਾਂ ਵਿਚ ਲਿਜਾਣ ਸਮੇਂ ਟਰਾਲੀਆਂ ਹਾਦਸਾਗ੍ਰਸਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਹੀ ਦਿਨਾਂ ’ਚ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਜੋੜ ਮੇਲ ਸ਼ੁਰੂ ਹੋਣ ਜਾ ਰਿਹਾ ਹੈ ਪਰ ਸਰਕਾਰ ਨੇ ਸੜਕ ਬਣਾਉਣ ਵੱਲ ਧਿਆਨ ਨਹੀਂ ਦੇ ਰਹੀ। ਬੀਕੇਯੂ ਰਾਜੇਵਾਲ ਦੇ ਆਗੂ ਸੁਖਵਿੰਦਰ ਸਿੰਘ ਭੱਟੀਆਂ, ਜਥੇਦਾਰ ਮਨਮੋਹਣ ਸਿੰਘ ਖੇੜਾ ਨੇ ਮੰਗ ਕੀਤੀ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਸਰਕਾਰ ਤੁਰੰਤ ਸੜਕ ਦਾ ਕੰਮ ਸ਼ੁਰੂ ਕਰੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ