ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਅੱਜ ਸ਼ੁਰੂ ਹੋ ਗਈ। ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਝੱਜ ਨੇ ਸੈਕਟਰੀ ਕਮਲਪ੍ਰੀਤ ਸਿੰਘ ਕਲਸੀ, ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਆੜ੍ਹਤੀਆਂ ਨਾਲ ਮਿਲ ਕੇ ਖ਼ਰੀਦ ਦੀ ਰਸਮੀ ਸ਼ੁਰੂਆਤ ਕਰਵਾਈ।
ਇਹ ਖ਼ਰੀਦ ਗੁਰੂਸਰ ਟ੍ਰੇਡਿੰਗ ਕੰਪਨੀ ਦੀ ਫਰਮ ’ਤੇ ਕਿਸਾਨ ਤੇਜਿੰਦਰਪਾਲ ਸਿੰਘ ਪਿੰਡ ਗੁਰੂਸਰ ਕਾਉਂਕੇ ਦੀ ਝੋਨੇ ਦੀ ਢੇਰੀ ਖਰੀਦਣ ਨਾਲ ਹੋਈ, ਜਿਸ ਨੂੰ ਪਨਗਰੇਨ ਨੇ ਸਰਕਾਰੀ ਮੁੱਲ 2461 ਰੁਪਏ ਦੇ ਮੁੱਲ ’ਤੇ ਖ਼ਰੀਦਿਆ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਦੀ ਅਗਵਾਈ ਹੇਠ ਆੜ੍ਹਤੀਆਂ ਨੇ ਉਮੀਦ ਪ੍ਰਗਟਾਈ ਕਿ ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਹਰ ਲੋੜੀਂਦਾ ਪ੍ਰਬੰਧ ਸੁਚਾਰੂ ਕਰ ਕੇ ਦੇਵੇਗੀ, ਜਿਸ ਨਾਲ ਸਮੁੱਚਾ ਕੰਮ ਵਧੀਆ ਢੰਗ ਨਾਲ ਨੇਪਰੇ ਚੜ੍ਹੇਗਾ।
ਚੇਅਰਮੈਨ ਕੁਲਵਿੰਦਰ ਸਿੰਘ ਝੱਜ ਨੇ ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਕਮਲਪ੍ਰੀਤ ਸਿੰਘ ਕਲਸੀ, ਏਐੱਫਐੱਸਓ ਬੇਅੰਤ ਸਿੰਘ, ਇੰਸਪੈਕਟਰ ਜਸਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਬਲਵਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਸਿੱਧੂ, ਭੂਸ਼ਣ ਗੋਇਲ, ਜਤਿੰਦਰ ਸਿੰਘ ਸਰਾਂ, ਆਸ਼ੂ ਮਿੱਤਲ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ, ਬਲਵੰਤ ਸਿੰਘ, ਰਾਜਪਾਲ ਭੁਮਲਾ, ਸੰਦੀਪ ਸਿੰਘ, ਗੁਰਮੀਤ ਸਿੰਘ ਗਰੇਵਾਲ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ, ਰਮੇਸ਼ ਜੈਨ, ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇਵ ਰਾਜ ਜਸਪ੍ਰੀਤ ਸਿੰਘ ਕਲੇਰ ਅਤੇ ਵਿਕਾਸ ਕਪੂਰ ਹਾਜ਼ਰ ਸਨ।

